ਹੌਲਦਾਰ ਨੇ ਦਿਖਾਈ ‘ਥਾਣੇਦਾਰੀ’

0
863

ਸੰਗਰੂਰ, 26 ਸਤੰਬਰ : ਸਥਾਨਕ ਰਾਮਨਗਰ ਬਸਤੀ ਵਿੱਚ ਚੱਲ ਰਹੀ ਰਾਮ ਲੀਲਾ ਵਿੱਚ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਵੱਲੋਂ ਹੰਗਾਮਾ ਕਰਨ ਤੇ ਰਾਮ ਲੀਲਾ ਕਲੱਬ ਦੇ ਅਹੁਦੇਦਾਰ ਨੂੰ ਜਬਰੀ ਥਾਣੇ ਲਿਜਾ ਕੇ ਕਥਿਤ ਗਾਲੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਮੌਜੂਦ ਸਾਬਕਾ ਵਿਧਾਇਕ ਵੱਲੋਂ ਥਾਣੇ ਸ਼ਿਕਾਇਤ ਕਰਨ ਦੇ ਬਾਵਜੂਦ ਹੌਲਦਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਸਾਹਮਣੇ ਰਾਮ ਨਗਰ ਬਸਤੀ ਵਿੱਚ ਬੀਤੀ ਸ਼ਾਮ ਰਾਮ ਲੀਲਾ ਚੱਲ ਰਹੀ ਸੀ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਵੀ ਮੌਜੂਦ ਸਨ। ਇਸੇ ਦੌਰਾਨ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਨੇ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦੋਸ਼ ਲਾਇਆ ਕਿ ਹੌਲਦਾਰ ਨਸ਼ੇ ’ਚ ‘ਟੱਲੀ’ ਸੀ। ਜਦੋਂ ਉਸ ਨੂੰ ਰੋਕਣ ਦਾ ਯਤਨ ਕੀਤਾ ਗਿਆ, ਤਾਂ ਉਸ ਨੇ ਕਥਿਤ ਗਾਲੀ ਗਲੋਚ ਕੀਤਾ ਅਤੇ ਹਰੀਸ਼ ਚੰਦਰ ਨੂੰ ਜਬਰੀ ਕਥਿਤ ਥਾਣੇ ਲੈ ਗਿਆ। ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥਾਣਾ ਸਿਟੀ ਪੁਲੀਸ ਦੇ ਮੁਖੀ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਥਾਣੇ ਵਿੱਚ ਦੇਣ ਦੇ ਬਾਵਜੂਦ ਹੌਲਦਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਹੌਲਦਾਰ ਦਾ ਮੈਡੀਕਲ ਕਰਵਾਇਆ ਜਾਵੇ, ਤਾਂ ਜੋ ਨਸ਼ਾ ਬਾਰੇ ਪਤਾ ਲੱਗ ਜਾਵੇ ਪਰ ਪੁਲੀਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।

ਸਿਟੀ ਪੁਲੀਸ ਸਟੇਸ਼ਨ-2 ਦੇ ਇੰਚਾਰਜ ਸਬ ਇੰਸਪੈਕਟਰ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਹੌਲਦਾਰ ਦੇ ਨਸ਼ੇ ਵਿੱਚ ਹੋਣ ਦੇ ਦੋਸ਼ ਬੇਬੁਨਿਆਦ ਹਨ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।