ਹੁਣ ਜਹਾਜ਼ ਚ ਫੋਨ ਤੇ ਚਲਾ ਸਕੋਗੇ ਇੰਟਰਨੈੱਟ, ਇੰਤਜ਼ਾਰ ਹੋਣ ਜਾ ਰਿਹੈ ਖਤਮ

0
540

ਨਵੀਂ ਦਿੱਲੀ— ਹਵਾਈ ਜਹਾਜ਼ ‘ਚ ਸਫਰ ਦੌਰਾਨ ਇੰਟਰਨੈੱਟ ਬ੍ਰਾਊਜ਼ ਕਰਨ ਤੇ ਕਾਲ ਕਰਨ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਕਾਨੂੰਨ ਮੰਤਰਾਲਾ ਨੇ ਦੂਰਸੰਚਾਰ ਵਿਭਾਗ ਦੇ ਇਨ-ਫਲਾਈਟ ਕੁਨੈਕਟੀਵਿਟੀ (ਆਈ. ਐੱਫ. ਸੀ.) ‘ਤੇ ਦਿਸ਼ਾ-ਨਿਰਦੇਸ਼ਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੂਰਸੰਚਾਰ ਵਿਭਾਗ ਹੁਣ ਦੋ ਹਫਤਿਆਂ ਅੰਦਰ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਹਵਾਈ ਜਹਾਜ਼ ਕੰਪਨੀਆਂ ਫਲਾਈਟ ‘ਚ ਇੰਟਰਨੈੱਟ ਤੇ ਕਾਲਿੰਗ ਸੁਵਿਧਾ ਦੇ ਸਕਣਗੀਆਂ। ਕੁਝ ਹਵਾਈ ਜਹਾਜ਼ ਕੰਪਨੀਆਂ ਪਹਿਲਾਂ ਹੀ ਇਸ ਸਰਵਿਸ ਲਈ ਪੱਬਾਂ ਭਾਰ ਹਨ। ਕੰਪਨੀਆਂ ਨੂੰ ਇਹ ਸੇਵਾਵਾਂ ਮੁਹੱਈਆ ਕਰਾਉਣ ਲਈ ਦੂਰਸੰਚਾਰ ਵਿਭਾਗ ਤੋਂ ਲਾਇਸੈਂਸ ਲੈਣਾ ਹੋਵੇਗਾ। ਓਧਰ ਸਪਾਈਸ ਜੈੱਟ ਸਿਰਫ ਮਨਜ਼ੂਰੀ ਦੀ ਉਡੀਕ ‘ਚ ਹੈ ਤੇ ਇਜਾਜ਼ਤ ਮਿਲਦੇ ਹੀ ਫਲਾਈਟ ‘ਚ ਇੰਟਰਨੈੱਟ ਸਰਵਿਸ ਦੇਣਾ ਸ਼ੁਰੂ ਕਰ ਸਕਦਾ ਹੈ।

ਹਵਾਈ ਯਾਤਰੀ ਸਪਾਈਸ ਜੈੱਟ ਦੇ ਬੋਇੰਗ 737 ਮੈਕਸ ਜਹਾਜ਼ ‘ਚ ਵਾਈ-ਫਾਈ ਤੇ ਕਾਲਿੰਗ ਦਾ ਮਜ਼ਾ ਲੈ ਸਕਣਗੇ। ਸਪਾਈਸ ਜੈੱਟ ਨੇ ਹਾਲ ਹੀ ‘ਚ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਫਲਾਈਟ ‘ਚ ਇੰਟਰਨੈੱਟ ਸਰਵਿਸ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ ਤੇ ਇਸ ਤਰ੍ਹਾਂ ਦੇ 9 ਹੋਰ ਜਹਾਜ਼ ਦਸੰਬਰ ਅੰਤ ਤਕ ਕੰਪਨੀ ਦੇ ਬੇੜੇ ‘ਚ ਸ਼ਾਮਲ ਹੋਣਗੇ। ਹਾਲਾਂਕਿ ਇਨ-ਫਲਾਈਟ ਕੁਨੈਕਟੀਵਿਟੀ ਸਰਵਿਸ ਦੀ ਸ਼ੁਰੂਆਤ ‘ਚ ਯਾਤਰੀ ਸਿਰਫ ਇੰਟਰਨੈੱਟ ਹੀ ਇਸਤੇਮਾਲ ਕਰ ਸਕਣਗੇ। ਗੱਲਬਾਤ ਦੀ ਸੁਵਿਧਾ ਸ਼ੁਰੂ ਹੋਣ ‘ਚ ਥੋੜ੍ਹਾ ਸਮਾਂ ਲੱਗੇਗਾ।

ਜ਼ਿਕਰਯੋਗ ਹੈ ਕਿ ਹੁਣ ਤਕ ਭਾਰਤੀ ਹਵਾਈ ਖੇਤਰ ‘ਚ ਦਾਖਲ ਹੋਣ ‘ਤੇ ਫਲਾਈਟ ‘ਚ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਨਹੀਂ ਹੈ। ਇਹ ਵੀ ਦੱਸਣਯੋਗ ਹੈ ਕਿ ਅਮੀਰਾਤ, ਜੈਟ ਬਲਿਊ, ਨਾਰਵੇਜ਼ੀਅਨ ਅਤੇ ਤੁਰਕਿਸ਼ ਏਅਰਲਾਈਨਸ ਉਹ ਕੌਮਾਂਤਰੀ ਕੰਪਨੀਆਂ ਹਨ ਜੋ ਪਹਿਲਾਂ ਹੀ ਇਹ ਸਰਵਿਸ ਮੁਫਤ ਦੇ ਰਹੀਆਂ ਹਨ ਪਰ ਇਨ੍ਹਾਂ ਨੂੰ ਭਾਰਤ ਦੇ ਹਵਾਈ ਖੇਤਰ ‘ਚ ਇਹ ਸੇਵਾ ਬੰਦ ਕਰਨੀ ਪੈਂਦੀ ਹੈ। ਉੱਥੇ ਹੀ ਇੰਟਰਨੈੱਟ ਸਰਵਿਸ ਸ਼ੁਰੂ ਹੋਣ ਨਾਲ ਤੁਹਾਨੂੰ ਭਾਰਤੀ ਫਲਾਈਟ ‘ਚ ਥੋੜ੍ਹਾ-ਬਹੁਤ ਚਾਰਜ ਦੇਣਾ ਪੈ ਸਕਦਾ ਹੈ ਕਿਉਂਕਿ ਏਅਰ ਇੰਡੀਆ, ਜੈੱਟ ਏਅਰਵੇਜ਼ ਦੀ ਸਥਿਤੀ ਪਹਿਲਾਂ ਹੀ ਖਰਾਬ ਹੈ ਅਤੇ ਇਹ ਸਰਵਿਸ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਖਰਚਾ ਵੀ ਕਾਫੀ ਕਰਨਾ ਪਵੇਗਾ।