17 ਲੱਖ ਲੋਕਾਂ ਨੇ ਕੀਤਾ ਸ਼ਾਤੀਪੂਰਬਕ ਵਿਖਾਵਾ

0
575

ਹਾਂਗਕਾਂਗ : ਐਤਵਾਰ ਨੂੰ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਫਿਰ ਵੱਡੀ ਰੈਲੀ ਕੀਤੀ। ਬਾਰਿਸ਼ ਦੇ ਬਾਵਜੂਦ ਇਸ ਰੈਲੀ ਵਿਚ ਕਰੀਬ 17 ਲੱਖ ਲੋਕਾਂ ਨੇ ਹਿੱਸਾ ਲਿਆ। ਮਾਰਚ ਦੀ ਇਜਾਜ਼ਤ ਨਾ ਮਿਲਣ ਕਾਰਨ ਸਾਰੇ ਪ੍ਰਦਰਸ਼ਨਕਾਰੀ ਵਿਕਟੋਰੀਆ ਪਾਰਕ ਵਿਚ ਇਕੱਠੇ ਹੋਏ। ਭੀੜ ਬਹੁਤ ਜ਼ਿਆਦਾ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕ ਪਾਰਕ ਦੇ ਬਾਹਰ ਦੀਆਂ ਸੜਕਾਂ ‘ਤੇ ਖੜ੍ਹੇ ਹੋ ਕੇ ਪ੍ਰਦਰਸ਼ਨ ਕਰ ਰਹੇ ਸਨ। ਕੁਝ ਲੋਕਾਂ ਨੇ ਸ਼ਹਿਰ ਦੇ ਵਿੱਤੀ ਕੇਂਦਰ ਤਕ ਮਾਰਚ ਵੀ ਕੀਤਾ।

ਰੈਲੀ ‘ਚ ਸ਼ਾਮਲ ਵਿਦਿਆਰਥੀ ਜੋਨਾਥਨ ਨੇ ਕਿਹਾ, ‘ਬਹੁਤ ਜ਼ਿਆਦਾ ਗਰਮੀ ਦੇ ਨਾਲ ਹੀ ਬਾਰਿਸ਼ ਵੀ ਹੋ ਰਹੀ ਹੈ। ਅਜਿਹੇ ‘ਚ ਰੈਲੀ ਵਿਚ ਸ਼ਾਮਲ ਹੋਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਫਿਰ ਵੀ ਅਸੀਂ ਇੱਥੇ ਹਾਂ ਕਿਉਂਕਿ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਜਦੋਂ ਤਕ ਇਹ ਸਰਕਾਰ ਸਾਨੂੰ ਸਾਡੇ ਅਧਿਕਾਰ ਅਤੇ ਇੱਜ਼ਤ ਨਹੀਂ ਦਿੰਦੀ, ਇਹ ਜਾਰੀ ਰਹੇਗਾ।’ ਸ਼ੱਕੀਆਂ ਤੇ ਅਪਰਾਧੀਆਂ ਨੂੰ ਮੁਕੱਦਮੇ ਲਈ ਚੀਨ ‘ਚ ਹਵਾਲਗੀ ਤਹਿਤ ਭੇਜੇ ਜਾਣ ਨਾਲ ਸਬੰਧਿਤ ਕਾਨੂੰਨ ਦੇ ਵਿਰੋਧ ਵਿਚ ਜੂਨ ‘ਚ ਇੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ। ਭਾਰੀ ਵਿਰੋਧ ਦੇ ਦਬਾਅ ਵਿਚ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲਾਮ ਨੇ ਬਿੱਲ ਰੱਦ ਕਰ ਦਿੱਤਾ ਹੈ, ਪਰ ਇਸ ਬਿੱਲ ਦਾ ਵਿਰੋਧ ਵੱਡੇ ਪੱਧਰ ‘ਤੇ ਹੋ ਕੇ ਹੁਣ ਲੋਕਤੰਤਰ ਸਮਰਥਕ ਅੰਦੋਲਨ ‘ਚ ਬਦਲ ਗਿਆ ਹੈ। ਪ੍ਰਦਰਸ਼ਨਕਾਰੀ ਬਿੱਲ ਵਾਪਸ ਲੈਣ ਦੇ ਨਾਲ ਹੀ ਲਾਮ ਦੇ ਅਸਤੀਫ਼ੇ ਅਤੇ ਲੋਕਤੰਤਰੀ ਸੁਧਾਰਾਂ ਦੀ ਵੀ ਮੰਗ ਕਰ ਰਹੇ ਹਨ।

ਪਿਛਲੇ ਹਫ਼ਤੇ ਪ੍ਰਦਰਸ਼ਨਕਾਰੀਆਂ ਨੇ ਹਾਂਗਕਾਂਗ ਹਵਾਈ ਅੱਡੇ ਨੂੰ ਘੇਰ ਲਿਆ ਸੀ ਜਿਸ ਤਹਿਤ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਸਨ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਮਿਲ ਰਹੇ ਸਮਰਥਨ ਵਿਚ ਕਮੀ ਆਉਣ ਦਾ ਖ਼ਦਸ਼ਾ ਸੀ ਪਰ ਜ਼ਮੀਨੀ ਪੱਧਰ ‘ਤੇ ਅਜਿਹਾ ਨਹੀਂ ਦਿਸਿਆ। ਸ਼ਨਿਚਰਵਾਰ ਦੀ ਰੈਲੀ ‘ਚ ਵੱਡੀ ਗਿਣਤੀ ਵਿਚ ਬਜ਼ੁਰਗ ਵੀ ਸ਼ਾਮਲ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ‘ਹਾਂਗਕਾਂਗ ਨੂੰ ਆਜ਼ਾਦ ਕਰੋ’, ‘ਲੋਕਤੰਤਰ ਹੁਣੇ ਚਾਹੀਦਾ ਹੈ’, ‘ਲਾਮ ਅਸਤੀਫ਼ਾ ਦੇਣ’ ਅਤੇ ‘ਆਜ਼ਾਦੀ ਲਈ ਲੜੋ’, ‘ਹਾਂਗਕਾਂਗ ਨਾਲ ਖੜ੍ਹੇ ਰਹੋ’ ਦੇ ਨਾਅਰੇ ਲਗਾਏ ਸਨ। ਰੈਲੀ ‘ਚ ਸ਼ਾਮਲ ਇਤਿਹਾਸ ਦੀ ਅਧਿਆਪਕ ਨੇ ਕਿਹਾ, ‘ਮੈਂ ਹਰ ਵਾਰ ਆਵਾਂਗੀ। ਮੈਨੂੰ ਨਹੀਂ ਪਤਾ ਇਹ ਕਦੋਂ ਖ਼ਤਮ ਹੋਵੇਗਾ। ਅਸੀਂ ਫਿਰ ਵੀ ਲੜਾਂਗੇ।’