ਸੋਸ਼ਲ ਮੀਡੀਆ ‘ਤੇ ਅਫਵਾਹਾਂ, ਇੱਕ ਖਤਰਨਾਕ ਹਥਿਆਰ

0
355

ਲੰਡਨ: ਭਾਰਤ ਵਿੱਚ ਸੋਸ਼ਲ ਮੀਡੀਆ ਸ਼ਕਤੀਸ਼ਾਲੀ ਹੋ ਗਿਆ ਹੈ ਇਸ ਦੇ ਕੁਝ ਫਾਇਦੇ ਹਨ ਤੇ ਕੁਝ ਨੁਕਸਾਨ ਵੀ ਹਨ। ਬੀਬੀਸੀ ਦੀ ਤਾਜ਼ਾ ਪੜਤਾਲ ਵਿੱਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਭਾਰਤ ਵਿੱਚ ਵੱਟਸਐਪ ਗਰੁੱਪਾਂ ਤੇ ਫੇਸਬੁੱਕ ’ਤੇ ਤੁਰਤ-ਫੁਰਤ ਵਿੱਚ ਫੈਲਦੀਆਂ ਫ਼ਰਜ਼ੀ ਖ਼ਬਰਾਂ ਭੜਕਾਹਟ ਪੈਦਾ ਕਰ ਰਹੀਆਂ ਹਨ। ਇਨ੍ਹਾਂ ਦੇ ਨਤੀਜੇ ਵਜੋਂ ਜਾਨੀ ਨੁਕਸਾਨ ਵੀ ਹੋ ਰਿਹਾ ਹੈ। ਬੀਬੀਸੀ ਨੇ ਬੰਗਲੌਰ ਤੋਂ ਆਪਣੀ ਨਵੀਂ ਪੜਤਾਲੀਆ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ।
ਬ੍ਰਿਟਿਸ਼ ਪਬਲਿਕ ਬਰੌਡਕਾਸਟਰ ਵੱਲੋਂ ਕਾਲੂਰਾਮ ਬਚਨਰਾਮ ਦੀ ਮੌਤ ਦੇ ਦੁਆਲੇ ਘੁੰਮਦੀ ਰਿਪੋਰਟ ਜੋ ਮੰਗਲਵਾਰ ਨੂੰ ਬੀਬੀਸੀ ਵਰਲਡ ਨਿਊਜ਼ ’ਤੇ ਦਿਖਾਈ ਜਾਣੀ ਹੈ, ’ਚ ਇਹ ਮੁੱਦਾ ਉਠਾਇਆ ਜਾਵੇਗਾ। ਬੰਗਲੌਰ ਵਿੱਚ ਵੱਟਸਐਪ ’ਤੇ ਇਹ ਅਫ਼ਵਾਹ ਫੈਲਣ ’ਤੇ ਕਿ ਕਾਲੂਰਾਮ ਬਚਨਰਾਮ ਬੱਚਿਆਂ ਨੂੰ ਅਗਵਾ ਕਰਨ ਵਾਲਾ ਸ਼ਖ਼ਸ ਹੈ, ਤੋਂ ਬਾਅਦ ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਬੀਬੀਸੀ ਦੇ ਪੱਤਰਕਾਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਕਾਲੂ ਭਾਰਤ ਵਿੱਚ ਫ਼ਰਜ਼ੀ ਖ਼ਬਰਾਂ ਕਾਰਨ ਪੈਦਾ ਹੁੰਦੀ ਭੜਕਾਹਟ ਦਾ ਸ਼ਿਕਾਰ ਹੋਇਆ ਹੈ। ਵੱਟਸਐਪ ਤੇ ਫੇਸਬੁੱਕ ’ਤੇ ਚੱਲਦੀਆਂ ਫ਼ਰਜ਼ੀ ਖ਼ਬਰਾਂ ਕਾਰਨ ਦੇਸ਼ ਭਰ ਵਿੱਚ ਹੁਣ ਤੱਕ ਅੱਠ ਜਾਨਾਂ ਜਾ ਚੁੱਕੀਆਂ ਹਨ। ਉਸ ਨੇ ਕਿਹਾ ਕਿ ਫ਼ਰਜ਼ੀ ਖ਼ਬਰਾਂ ਨਾਲ ਅਸੀਂ ਸਾਰੇ ਜੂਝ ਰਹੇ ਹਾਂ ਪਰ ਇੱਥੇ ਇਹ ਜਾਨਲੇਵਾ ਸਾਬਤ ਹੋਈ ਹੈ। ਬੀਬੀਸੀ ਦੇ ਸੀਈਓ ਜਿਮ ਐਗਨ ਨੇ ਕਿਹਾ ਕਿ ਫ਼ਰਜ਼ੀ ਖ਼ਬਰਾਂ ਇੱਕ ਵੱਡੀ ਸਮੱਸਿਆ ਹੈ।