ਸਿੱਖ ਲੀਡਰਸ਼ਿਪ ਮਰਿਆਦਾ ਦੇ ਗਿਆਨ ਤੇ ਸਿਧਾਂਤਾਂ ਤੋਂ ਸੱਖਣੀ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

0
533

ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਅੱਜ ਦੀ ਸਿਆਸੀ ਲੀਡਰਸ਼ਿਪ ਮਰਿਆਦਾ ਦੇ ਗਿਆਨ ਤੇ ਸਿਧਾਂਤਾਂ ਤੋਂ ਬਿਲਕੁਲ ਸੱਖਣੀ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਗੱਲ ਬੀਤੇ ਦਿਨ ਅਨੰਦਪੁਰ ਸਾਹਿਬ ਵਿਖੇ ਆਖੀ। ਇਹ ਬਿਆਨ ਇਸ ਲਈ ਵੀ ਅਹਿਮੀਅਤ ਰੱਖਦਾ ਹੈ ਕਿਉਂਕ ਇਸ ਵੇਲੇ ਪੰਥ ਦੀ ਸਿਆਸੀ ਅਗਵਾਈ ਕਰਕਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਅਜਿਹੇ ਵਿੱਚ ਚਰਚਾ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੱਲ ਇਸ਼ਾਰਾ ਕੀਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਬੇਬਾਕ ਟਿੱਪਣੀਆਂ ਕਰਦਿਆਂ ਕਿਹਾ ਕਿ ਸਾਡੀਆਂ ਸੰਸਥਾਵਾਂ ਦੀ ਅਗਵਾਈ ਕਰਨ ਵਾਲੇ ਲੀਡਰ ਕਿਸੇ ਹੋਰ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ। ਇਸ ਕਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕੌਮ ਵਿੱਚ ਪੈਦਾ ਹੋਈ ਟਕਰਾਅ ਦੀ ਸਥਿਤੀ, ਸੋਸ਼ਲ ਮੀਡੀਆ ਦੇ ਵਧ ਰਹੇ ਦੁਰਪ੍ਰਭਾਵ, ਸੰਪਰਦਾਵਾਂ ਤੇ ਮਿਸ਼ਨਰੀਆਂ ਦਰਮਿਆਨ ਪੈਦਾ ਹੋਏ ਵਿਵਾਦਾਂ ਕਾਰਨ ਨਿਘਾਰ ਆ ਰਿਹਾ ਹੈ।
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਹੋਰ ਅਹਿਮ ਐਲਾਨ ਕੀਤਾ ਜਿਸ ਦੇ ਵਿਸ਼ਾਲ ਅਰਥ ਕੱਢੇ ਜਾ ਰਹੇ ਹਨ। ਸਿੱਖ ਸੰਗਤ ਦੀ ਉੱਠ ਰਹੀ ਮੰਗ ਬਾਰੇ ਉਨ੍ਹਾਂ ਸਪਸ਼ਟ ਕਿਹਾ ਕਿ ਸ਼੍ਰੋਮਣੀ ਕਮੇਟੀ ਭਾਵੇਂ ਜਨਰਲ ਇਜਲਾਸ ਸੱਦੇ ਜਾਂ ਨਾ ਸੱਦੇ ਪਰ ਅਕਾਲ ਤਖ਼ਤ ਸਾਹਿਬ ਵੱਲੋਂ ਮਾਰਚ 2020 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੌਮੀ ਇਜਲਾਸ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੌਮ ਦੀ ਪ੍ਰਤੀਨਿਧਤਾ ਕਰ ਰਹੀਆਂ ਸੰਸਥਾਵਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ, ਦਿੱਲੀ ਕਮੇਟੀ ਦੇ ਮੈਂਬਰ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਤੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਸੁਣਿਆ ਨਹੀਂ ਜਾ ਰਿਹਾ ਤੇ ਬੁਹਤ ਸਾਰੇ ਮੈਂਬਰ ਤੇ ਆਗੂ ਕੁਝ ਕਹਿਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਫ਼ੈਸਲਾ ਲਿਆ ਹੈ ਕਿ ਮਾਰਚ 2020 ਨੂੰ ਹੋਣ ਵਾਲੇ ਇਜਲਾਸ ਵਿੱਚ ਸਾਰੀਆਂ ਪੰਥਕ ਧਿਰਾਂ ਦੇ ਪ੍ਰਤੀਨਿਧਾਂ ਨੂੰ ਬੁਲਾ ਕੇ ਉਨ੍ਹਾਂ ਦੀ ਗੱਲ ਸੁਣੀ ਜਾਵੇਗੀ।