ਸ਼ਹੀਦ ਕਰਤਾਰ ਸਿੰਘ ਸਰਾਭਾ: ਜਨਮ ਦਿਨ ਵਿਸ਼ੇਸ

0
453

ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਚ ਪਿਤਾ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਹੋਇਆ। ਮੁੱਢਲੀ ਵਿੱਦਿਆ ਲਈ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖਲ ਕਰਵਾਇਆ ਗਿਆ। ਉਹ ਹਾਲੇ ਪੰਜ ਸਾਲ ਦੇ ਸਨ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ 12 ਸਾਲ ਦੀ ਉਮਰ ਵਿਚ ਮਾਤਾ ਜੀ ਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਪਾਲਣਾ ਅਤੇ ਪੜ੍ਹਾਈ ਦਾ ਸਾਰਾ ਜਿੰਮਾ ਦਾਦਾ ਬਦਨ ਸਿੰਘ ਸਿਰ ਆ ਪਿਆ। ਉੱਚ ਵਿਦਿਆ ਲਈ ਉਨ੍ਹਾਂ ਨੂੰ ਲੁਧਿਆਣਾ ਦੇ ਮਿਸ਼ਨ ਸਕੂਲ ਅਤੇ ਬਾਅਦ ਵਿਚ ਚਾਚਾ ਬਖਸ਼ੀਸ਼ ਸਿੰਘ ਕੋਲ 1910 ਨੂੰ ਰੈਵਨਸ਼ਾਅ ਕਾਲਜੀਏਟ ਸਕੂਲ ਕਟਕ ’ਚ ਦਾਖਲ ਕਰਵਾਇਆ ਗਿਆ। ਇਥੋਂ ਉਨ੍ਹਾਂ ਨੇ 1912 ’ਚ ਮੈਟ੍ਰਿਕ ਪਾਸ ਕੀਤੀ। ਸਕੂਲ ਦੇ ਮੁਖੀ ਬੇਨੀ ਮਾਧਵ ਦਾਸ ਦੇ ਦੇਸ਼ ਭਗਤੀ ਵਾਲੇ ਵਿਚਾਰਾਂ ਦਾ ਉਨ੍ਹਾਂ ’ਤੇ ਕਾਫੀ ਡੂੰਘਾ ਅਸਰ ਪਿਆ। ਇਸ ਤੋਂ ਪਿਛੋਂ ਉਹ ਕਾਲਜ ਵਿੰਗ ’ਚ ਪੜ੍ਹਣ ਲੱਗੇ। ਇਲੈਕਟ੍ਰੀਕਲ ਇੰਜਨੀਅਰਿੰਗ ਦੀ ਉੱਚ ਵਿੱਦਿਆ ਲਈ ਉਹ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਪਹੁੰਚ ਗਏ। ਅਮਰੀਕਨਾਂ ਦੇ ਆਜ਼ਾਦੀ ਦੇ ਰੰਗ-ਢੰਗ ਦੇਖ ਕੇ ਅਤੇ ਭਾਰਤੀਆਂ ਨੂੰ ‘ਕੁੱਤੇ’, ‘ਗੁਲਾਮ ਭੇਡਾਂ’, ‘ਕਾਲੇ ਕੁੱਲੀ’ ਆਦਿ ਵਿਸ਼ੇਸ਼ਣਾਂ ਨਾਲ ਪੁਕਾਰਦੇ ਸੁਣ ਕੇ ਅਣਖੀਲੇ ਕਰਤਾਰ ਸਿੰਘ ਵਿਚ ਦੇਸ਼ ਭਗਤੀ ਅਤੇ ਆਜ਼ਾਦੀ ਦਾ ਬੀਜ ਬੀਜਿਆ ਗਿਆ। ਲਾਲਾ ਹਰਦਿਆਲ, ਭਾਈ ਪਰਮਾਨੰਦ ਲਾਹੌਰ, ਜਤਿੰਦਰ ਲਹਿਰੀ ਬੰਗਾਲੀ ਵਰਗੇ ਇਨਕਲਾਬੀ ਰਾਜਨੀਤਕ ਚੇਤਨਾ ਦੀ ਚੰਗਿਆੜੀ ਮਘਾਉਣ ਲਈ ਪਹਿਲਾਂ ਹੀ ਉਥੇ ਜੁਟੇ ਹੋਏ ਸਨ। ਕਰਤਾਰ ਸਿੰਘ ਹੋਰਨਾਂ ਵਿਦਿਆਰਥੀਆਂ ਨਾਲ ਇਨ੍ਹਾਂ ਦੇ ਸੰਪਰਕ ਵਿੱਚ ਆ ਗਏ ਅਤੇ ਭਾਰਤੀ ਕੌਮੀ-ਕ੍ਰਾਂਤੀਕਾਰੀਆਂ ਦੀਆਂ ਮੀਟਿੰਗਾਂ ’ਚ ਜਾਣ ਲੱਗੇ।
ਮਾਰਚ ਨੂੰ ਅਮਰੀਕਾ ਪੱਧਰੀ ਮੀਟਿੰਗ ਹੋਈ, ਜਿਸ ਵਿਚ ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ (ਗਦਰ ਪਾਰਟੀ) ਦੀ ਸਥਾਪਨਾ ਕੀਤੀ ਗਈ। ਇਸ ਵਿਚ ਸੋਹਣ ਸਿੰਘ ਭਕਨਾ ਨੂੰ ਪ੍ਰਧਾਨ ਤੇ ਲਾਲਾ ਹਰਦਿਆਲ ਨੂੰ ਸਕੱਤਰ ਤੇ ਬਾਕੀ ਅਹੁਦੇਦਾਰ ਚੁਣੇ ਗਏ। ਇਸ ਮੀਟਿੰਗ ਵਿਚ ਕਰਤਾਰ ਸਿੰਘ ਵੀ ਸ਼ਾਮਲ ਸਨ। ਜਥੇਬੰਦੀ ਨੇ ਹਿੰਦੋਸਤਾਨ ਵਿਚ ਗ਼ਦਰ (ਹਥਿਆਰਬੰਦ ਘੋਲ) ਰਾਹੀਂ ਅੰਗਰੇਜ਼ੀ ਹਕੂਮਤ ਦਾ ਫਸਤਾ ਵੱਢਣ ਤੇ ਨਵਾਂ ਕੌਮੀ ਜਮਹੂਰੀ ਰਾਜ ਪ੍ਰਬੰਧ ਕਰਨ ਦਾ ਮੁੱਖ ਟੀਚਾ ਮਿਥਿਆ। ਇਸੇ ਮੀਟਿੰਗ ਵਿਚ ‘ਗ਼ਦਰ’ ਅਖ਼ਬਾਰ ਕੱਢਣ ਦਾ ਫੈਸਲਾ ਕੀਤਾ ਗਿਆ। ਪਹਿਲੀ ਨਵੰਬਰ 1913 ਤੋਂ ਯੁਗਾਂਤਰ ਆਸ਼ਰਮ ਤੋਂ ਗ਼ਦਰ ਅਖ਼ਬਾਰ ਪ੍ਰਕਾਸ਼ਿਤ ਹੋਣ ਲੱਗਾ। ਲਾਲਾ ਹਰਦਿਆਲ ਨੂੰ ਐਡੀਟਰ, ਕਰਤਾਰ ਸਿੰਘ ਸਰਾਭਾ ਤੇ ਰਘਬਰ ਦਿਆਲ ਗੁਪਤਾ ਨੂੰ ਸਬ-ਐਡੀਟਰ ਲਗਾਇਆ ਗਿਆ। ਹਫਤਾਵਾਰੀ ਗਦਰ ਤੋਂ ਇਲਾਵਾ ਗਦਰ ਕਾਵਿ ਦਾ ਪਰਚਾ ‘ਗਦਰ ਦੀ ਗੂੰਜ’ ਵੀ ਸਮੇਂ ਸਮੇਂ ’ਤੇ ਛਾਪਿਆ ਜਾਂਦਾ ਰਿਹਾ।
ਇਸ ਤੋਂ ਇਲਾਵਾ ਗ਼ਦਰ ਪਾਰਟੀ ਦੇ ਫੈਸਲੇ ਅਨੁਸਾਰ ਕਰਤਾਰ ਸਿੰਘ ਸਰਾਭਾ ਨੇ ਹਵਾਈ ਜਹਾਜ਼ ਉਡਾਉਣ ਤੇ ਮੁਰਮੰਤ ਕਰਨ ਦੀ ਸਫਲ ਟ੍ਰੇਨਿੰਗ ਵੀ ਲਈ ਤਾਂ ਜੋ ਹਿੰਦੋਸਤਾਨ ਜਾ ਕੇ ਗ਼ਦਰ ਲਈ ਹਵਾਈ ਸੈਨਾ ਦੀ ਉਸਾਰੀ ਕੀਤੀ ਜਾ ਸਕੇ ਤੇ ਇਸ ਦੀ ਨਿੱਗਰ ਵਰਤੋਂ ਕੀਤੀ ਜਾ ਸਕੇ।
ਪਾਰਟੀ ਦੇ ਗੁਪਤ ਕਮਿਸ਼ਨ ਦੀ ਹਦਾਇਤ ’ਤੇ ਕਰਤਾਰ ਸਿੰਘ ਨੇ 21-07-1914 ਨੂੰ ਸਾਨਫਰਾਂਸਿਸਕੋ ਤੋਂ ਯੋਕੋਹਾਮਾ ਲਈ 100 ਪਿਸਤੌਲਾਂ ਤੇ ਕਾਫੀ ਗੋਲੀ ਸਿੱਕਾ ਅਜਿਹੇ ਗੁਪਤ ਢੰਗ ਨਾਲ ਜਹਾਜ਼ ’ਚ ਜਾ ਟਿਕਾਇਆ ਕਿ ਖੁਫੀਆ ਤੰਤਰ ਨੂੰ ਕੋਈ ਸ਼ੱਕ ਨਾ ਹੋਇਆ ਅਤੇ ਕਾਮਯਾਬੀ ਨਾਲ ਭਕਨਾ ਜੀ ਨੂੰ ਜਹਾਜ਼ ਚੜ੍ਹਾ ਦਿੱਤਾ। ‘ਗਦਰ’ ਨੇ 28 ਜੁਲਾਈ ਦੇ ਅੰਕ ਰਾਹੀਂ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ‘ਪਹਿਲੀ ਸੰਸਾਰ ਜੰਗ ਲੱਗ ਗਈ ਹੈ, ਤੁਸੀਂ ਆਪਣੀ ਆਜ਼ਾਦੀ ਦੀ ਜੰਗ ਲਈ ਤਿਆਰ ਹੋ ਜਾਓ।’ 4 ਅਗਸਤ ਦੇ ਅੰਕ ਨੇ ‘ਐਲਾਨ-ਏ-ਜੰਗ’ ਦਾ ਫੁਰਮਾਨ ਜਾਰੀ ਕੀਤਾ। 11 ਅਗਸਤ ਦੇ ਅੰਕ ਨੇ ਕਰਾਂਤੀਕਾਰੀ ਸੱਦਾ ਛਾਪਿਆ।
ਇਸ ਸੱਦੇ ਅਨੁਸਾਰ 6 ਹਜ਼ਾਰ ਤੋਂ ਉਪਰ ਗਦਰੀ ਯੋਧੇ ਵੱਖ ਵੱਖ ਜਹਾਜ਼ਾਂ ਰਾਹੀਂ ਭਾਰਤ ਪੁੱਜੇ। ਸਤੰਬਰ 1914 ’ਚ ਕਰਤਾਰ ਸਿੰਘ ਸਰਾਭਾ ਕੋਲੰਬੋ ਰਾਹੀਂ ਹੁੰਦੇ ਹੋਏ ਅਮਰੀਕਾ ਤੋਂ ਭਾਰਤ ਪੁੱਜੇ ਤੇ ਗੁਪਤਵਾਸ ਹੋ ਕੇ ਪੰਜਾਬ ’ਚ ਸ਼ਕਤੀਸ਼ਾਲੀ ਗਦਰ ਪਾਰਟੀ ਦੀ ਜਥੇਬੰਦੀ ਦੀ ਉਸਾਰੀ ਤੇ ਹਥਿਆਰਬੰਦ ਗ਼ਦਰ ਦੀ ਤਿਆਰੀ ਲਈ ਦਿਨ-ਰਾਤ ਇਕ ਕਰਨ ਲੱਗੇ। ਉਸ ਦੇ ਅੰਦਰ ਮੌਜੂਦ ਮਾਨਵਤਾ ਲਈ ਅਥਾਹ ਪਿਆਰ ਤੇ ਸਤਿਕਾਰ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਹ ‘ਰੱਬੋਂ’ ਪਿੰਡ ਦੇ ਡਾਕੇ ਦੌਰਾਨ ਇਕ ਲੜਕੀ ਦੀ ਬਾਂਹ ਨੂੰ ਹੱਥ ਲਾਉਣ ਵਾਲੇ ਇਕ ਸਾਥੀ ’ਤੇ ਪਿਸਤੌਲ ਤਾਣਦਾ ਹੈ, ਉਸ ਨੂੰ ਮਾਵਾਂ-ਧੀਆਂ ਦੇ ਪੈਰੀਂ ਪੈਣ ਦਾ ਹੁਕਮ ਦਿੰਦਾ ਹੈ ਤੇ ਉਨ੍ਹਾਂ ਨੂੰ ਧੀ ਦੇ ਵਿਆਹ ਲਈ ਜਿੰਨੇ ਮਰਜ਼ੀ ਪੈਸੇ ਰੱਖਣ ਲਈ ਪੇਸ਼ਕਸ਼ ਕਰਦਾ ਹੈ ਤੇ ਆਪ ਦੇ ਉਚੇ ਤੇ ਸੁੱਚੇ ਬੁਲੰਦ ਕਿਰਦਾਰ ਨੂੰ ਰੂਪਮਾਨ ਕਰਦਾ ਹੈ।
ਕਰਤਾਰ ਸਿੰਘ ਸਰਾਭਾ ਨੇ ਰੋਜ਼ 50-50 ਮੀਲ ਸਾਈਕਲ ਚਲਾ ਕੇ ਪਿੰਡਾਂ, ਸਕੂਲਾਂ ’ਚ ਗ਼ਦਰ ਦਾ ਪ੍ਰਚਾਰ ਤੇ ਲਾਮਬੰਦੀ ਕੀਤੀ, ਉਥੋਂ ਫਿਰੋਜ਼ਪੁਰ ਤੇ ਮੀਆਂਮੀਰ (ਲਾਹੌਰ) ਸਮੇਤ ਕਈ ਫੌਜੀ ਛਾਉਣੀਆਂ ਅੰਦਰ ਬੇਖੌਫ ਤੇ ਦਲੇਰਾਨਾ ਵਿਧੀ ਨਾਲ ਫੌਜੀਆਂ ਨੂੰ ਗ਼ਦਰ ਲਈ ਤਿਆਰ ਕੀਤਾ। ਪਾਰਟੀ ਵਿਚਲੇ ਗ਼ਦਾਰ-ਕਿਰਪਾਲ ਸਿੰਘ ਵੱਲੋਂ ਗ਼ਦਰ ਦੀ ਤਰੀਕ ਤੇ ਯੋਜਨਾ ਅੰਗਰੇਜ਼ ਹਕੂਮਤ ਕੋਲ ਲੀਕ ਕਰਨ ਦੇ ਸਿੱਟੇ ਵਜੋਂ ਗ਼ਦਰ ਨੂੰ ਵੱਡੀ ਸੱਟ ਵੱਜੀ ਤੇ ਪੂਰੇ ਪੰਜਾਬ ’ਚ ਗ਼ਦਰੀਆਂ ਦੀ ਫੜੋ ਫੜਾਈ ਤੇਜ਼ ਹੋ ਗਈ। ਉਹ ਦੋ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘ ਨਾਲ ਫਰੰਟੀਅਰ ਮੇਲ ਚੜ੍ਹ ਕੇ ਅਫਗਾਨਿਸਤਾਨ ਦੇ ਕਬਾਇਲੀ ਇਲਾਕੇ ਨੂੰ ਜਾਣ ਲਗੇ। ਪਰ ਪੇਸ਼ਾਵਰ ਉੱਤਰ ਕੇ ਇਕ ਰਾਤ ਬਤੀਤ ਕਰਕੇ ਫੈਸਲਾ ਕੀਤਾ ‘ਬਣੀ ਸ਼ੇਰਾਂ ਸਿਰ ਜਾਣਾ ਕੀ ਭੱਜ ਕੇ’। ਲਾਹੌਰ ਨੇੜੇ ਸਰਗੋਧਾ ਦੀ ਬਾਰ ਦੇ ਚੱਕ ਨੰਬਰ-5 ਤੋਂ ਰਾਜਿੰਦਰ ਸਿੰਘ ਪੈਨਸ਼ਨੀਏ ਦੇ ਘਰੋਂ ਉਸ ਦੀ ਤੇ ਰਸਾਲਦਾਰ ਗੰਡਾ ਸਿੰਘ ਗੰਡੀਵਿੰਡ ਦੀ ਗਦਾਰੀ ਤੇ ਮੁਖਬਰੀ ਦੇ ਸਿੱਟੇ ਵਜੋਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘਵਾਲਾ 2 ਮਾਰਚ 1915 ਨੂੰ ਇਕੱਠੇ ਫੜੇ ਗਏ ਅਤੇ ਸੈਂਟਰਲ ਜੇਲ੍ਹ ਲਾਹੋਰ ’ਚ ਡੱਕ ਦਿੱਤੇ ਗਏ ।
ਲਾਹੌਰ ਸਾਜਿਸ਼ ਕੇਸ (ਪਹਿਲਾ) ਅਧੀਨ ਚੱਲੇ ਮੁਕੱਦਮੇ ਦੌਰਾਨ ਜੱਜ ਨੇ ਕਿਹਾ, ‘ਤੈਨੂੰ ਪਤਾ ਕਿ ਤੇਰੇ ਇਸ ਬਿਆਨ ਦਾ ਕੀ ਸਿੱਟਾ ਹੋ ਸਕਦਾ ਹੈ?’ ਸਰਾਭਾ ਨੇ ਕਿਹਾ, ‘ਤੁਸੀਂ ਮੈਨੂੰ ਫਾਂਸੀ ਹੀ ਲਗਾ ਦਿਓਗੇ! ਹੋਰ ਕੀ? ਅਸੀ ਇਸ ਤੋਂ ਡਰਦੇ ਨਹੀਂ। ਮੈਂ ਉਮਰ ਕੈਦ ਤੋਂ ਫਾਂਸੀ ਲੱਗਣ ਨੂੰ ਪਹਿਲ ਦੇਵਾਂਗਾ। ਤਾਂ ਜੋ ਛੇਤੀ ਦੁਬਾਰਾ ਜਨਮ ਲੈ ਕੇ, ਮੁੜ ਭਾਰਤ ਦੀ ਆਜ਼ਾਦੀ ਦੀ ਜੰਗ ’ਚ ਕੁੱਦ ਸਕਾਂ।’
13 ਸਤੰਬਰ 1915 ਨੂੰ ਸਰਾਭਾ ਸਮੇਤ 24 ਸਾਥੀਆਂ ਨੂੰ ਫਾਂਸੀ ਤੇ ਜਾਇਦਾਦ-ਜਬਤੀ ਦੀ ਸਜ਼ਾ ਸੁਣਾਈ ਗਈ। ਪਰ ਪਿਛੋਂ ਵਾਇਸਰਾਏ ਨੇ 17 ਦੀ ਸਜ਼ਾ ਬਦਲ ਕੇ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਕਰ ਦਿੱਤੀ । ਫਾਂਸੀ ਤੋਂ ਪਹਿਲਾਂ ਉਨ੍ਹਾਂ ਦਾ ਭਾਰ 5 ਕਿਲੋ ਵੱਧ ਚੁੱਕਾ ਸੀ। 16 ਨਵੰਬਰ 1915 ਨੂੰ 7 ਗਦਰੀ ਯੋਧੇ- ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਸੁਰਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਣੇਸ਼ ਪਿੰਗਲੇ (ਪੂੰਨਾ), ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਵਾਲੀ-ਅੰਮ੍ਰਿਤਸਰ) ਸੈਂਟਰਲ ਜੇਲ੍ਹ ਲਾਹੌਰ ਵਿਚ ਹੱਸ-ਹੱਸ ਕੇ ਫਾਂਸੀ ਚੜ੍ਹ ਗਏ ਤੇ ਸਦਾ-ਸਦਾ ਲਈ ਅਮਰ ਹੋ ਗਏ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਮਘਦਾ ਰੱਖਣ ਲਈ ਤੇ ਦੇਸ਼ ਅੰਦਰ ਉਨ੍ਹਾਂ ਦੇ ਆਦਰਸ਼ਾਂ ਤੇ ਸੁਪਨਿਆਂ ਵਾਲਾ ਅਸਲੀ ਲੋਕ ਪੱਖੀ ਤੇ ਖਰਾ ਜਮਹੂਰੀ ਰਾਜ ਪ੍ਰਬੰਧ ਸਿਰਜਣ ਦਾ ਪ੍ਰਣ ਕਰਨ ਲਈ ਉਨ੍ਹਾਂ ਦੇ ਵਾਰਿਸ ਪੰਜਾਬ ਸਮੇਤ ਸੰਸਾਰ ਦੇ ਕੋਨੇ-ਕੋਨੇ ਅੱਜ 24 ਮਈ ਨੂੰ ਜਨਮ ਦਿਵਸ ਮੌਕੇ ਸਮਾਗਮ ਜਥੇਬੰਦ ਕਰਨਗੇ।
##ਜਸਦੇਵ ਸਿੰਘ ਲਲਤੋਂ,  ਸੰਪਰਕ: 0161-2805677