ਭਾਰਤੀ ਮੂਲ ਦੇ ਵਿਦਿਆਰਥੀ ਨੂੰ ਅਮਰੀਕਾ `ਚ ਸਾਈਬਰ ਜੁਰਮ ਦੀ ਸਜ਼ਾ

0
400

ਨਿਊ ਯਾਰਕ : ਇੱਕ ਬੇਹੱਦ ਤਾਕਤਵਰ ਮਾਲਵੇਅਰ ਬਣਾ ਕੇ ਆਪਣੇ ਸਾਈਬਰ-ਹਮਲੇ ਰਾਹੀਂ ਅਮਰੀਕਾ ਦੇ ਲੱਖਾਂ ਕਪਿਊਟਰ ਖ਼ਰਾਬ ਕਰਨ ਵਾਲੇ ਭਾਰਤੀ ਮੂਲ ਦੇ ਵਿਦਿਆਰਥੀ ਪਾਰਸ ਝਾਅ (22) ਅਤੇ ਦੋ ਹੋਰਨਾਂ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਹੈ। ਝਾਅ ਅਮਰੀਕੀ ਸੂਬੇ ਨਿਊ ਜਰਸੀ ਦਾ ਵਸਨੀਕ ਹੈ। ਬਾਕੀ ਦੇ ਦੋ ਦੋਸ਼ੀਆਂ ਦੇ ਨਾਂਅ ਹਨ – ਜੋਸੀਆਹ ਵ੍ਹਾਈਟ (21) ਵਾਸੀ ਪੈਨਸਿਲਵਾਨੀਆ ਤੇ ਡਾਲਟਨ ਨੌਰਮਨ (22) ਵਾਸੀ ਲੂਸੀਆਨਾ। ਇਨ੍ਹਾਂ ਤਿੰਨਾਂ ਨੇ ਮਿਲ ਕੇ ‘ਮਿਰਾਈ ਬੋਟਨੈੱਟ` ਨਾਂਅ ਦਾ ਇੱਕ ਸ਼ਕਤੀਸ਼ਾਲੀ ਮਾਲਵੇਅਰ ਤਿਆਰ ਕੀਤਾ ਸੀ ਤੇ ਉਸ ਨਾਲ ਇੱਕ ਲੱਖ ਤੋਂ ਵੱਧ ਕੰਪਿਊਟਰ ਤਾਂ ਖ਼ਰਾਬ ਕੀਤੇ ਹੀ ਸਨ, ਸਗੋਂ ਹਜ਼ਾਰਾਂ ਵੈੱਬਸਾਈਟਾਂ ਦਾ ਵੀ ਭੱਠਾ ਬਹਾ ਕੇ ਰੱਖ ਦਿੱਤਾ ਸੀ। ਇਹ ਮਾਮਲਾ ਸਤੰਬਰ 2016 ਦਾ ਹੈ ਤੇ ਤਦ ਉੱਤਰ-ਪੂਰਬੀ ਅਮਰੀਕਾ, ਕੈਲੀਫ਼ੋਰਨੀਆ ਤੇ ਪੱਛਮੀ ਯੂਰੋਪ ਦੀਆਂ ਵੈੱਬਸਾਈਟਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ।

ਇਨ੍ਹਾਂ ਤਿੰਨੇ ਮੁਲਜ਼ਮਾਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ‘ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ` (ਐੱਫ਼ਬੀਆਈ) ਨੂੰ ਪੂਰਾ ਸਹਿਯੋਗ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਪੰਜ ਸਾਲਾਂ ਦੇ ਪ੍ਰੋਬੇਸ਼ਨ, 2,500 ਘੰਟਿਆਂ ਦੀ ਸਮਾਜਕ ਸੇਵਾ ਦੀ ਸਜ਼ਾ ਦੇਣ ਦੇ ਨਾਲ-ਨਾਲ 1,27,000 ਡਾਲਰ ਜੁਰਮਾਨਾ ਵੀ ਕੀਤਾ ਹੈ; ਜਿਹੜਾ ਲੰਖਾਂ ਲੋਕਾਂ `ਚ ਮੁਆਵਜ਼ੇ ਵਜੋਂ ਵੰਡੇ ਜਾਣੇ ਹਨ।