ਬ੍ਰਹਮਪੁਰਾ ਦੀ ਚੋਹਲਾ ਸਾਹਿਬ ਰੈਲੀ ਨੇ ਵਧਾਈਆਂ ਸੁਖਬੀਰ ਬਾਦਲ ਦੀਆਂ ਔਕੜਾਂ

0
227

ਤਰਨ ਤਾਰਨ : ਸ੍ਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਛੋਟੇ ਬਾਦਲ ਦੀਆਂ ਮੁਸ਼ਕਿਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਪਾਰਟੀ `ਚ ਬਗ਼ਾਵਤੀ ਸੁਰਾਂ ਹੌਲੀ-ਹੌਲੀ ਉੱਚੀਆਂ ਹੁੰਦੀਆਂ ਜਾ ਰਹੀਆਂ ਹਨ। ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਸੀਨੀਅਰ ਟਕਸਾਲੀ ਆਗੂਆਂ ਨੂੰ ਹੌਸਲੇ ਦਿੱਤੇ ਤੇ ਉਸ ਤੋਂ ਬਾਅਦ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ, ਸ੍ਰੀ ਸੇਵਾ ਸਿੰਘ ਸੇਖਵਾਂ ਤੇ ਸ੍ਰੀ ਰਤਨ ਸਿੰਘ ਅਜਨਾਲਾ ਜਿਹੇ ਸੀਨੀਅਰ ਆਗੂਆਂ ਜਿਹੇ ਆਗੁਆਂ ਨੇ ਸੁਖਬੀਰ ਬਾਦਲ ਖਿ਼ਲਾਫ਼ ਬੋਲਣ ਦਾ ਜੇਰਾ ਕੀਤਾ। ਅੱਜ ਵੀ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਤੋਂ ਲਾਂਭੇ ਨਹੀਂ ਹੋ ਜਾਂਦੇ, ਤਦ ਤੱਕ ਉਹ ਪਾਰਟੀ ਦੀਆਂ ਗਤੀਵਿਧੀਆਂ `ਚ ਸਰਗਰਮੀ ਨਾਲ ਸ਼ਾਮਲ ਨਹੀਂ ਹੋਣਗੇ।

ਅੱਜ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਲਾਗਲੇ ਕਸਬੇ ਚੋਹਲਾ ਸਾਹਿਬ ਵਿਖੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ਨੂੰ ਮਾਝੇ ਦੇ ਟਕਸਾਲੀ ਅਕਾਲੀਆਂ ਦਾ ਸ਼ਕਤੀ-ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਅਜਿਹੀਆਂ ਰੈਲੀਆਂ ਤੋਂ ਪ੍ਰੇਰਨਾ ਲੈ ਕੇ ਯਕੀਨੀ ਤੌਰ `ਤੇ ਅਕਾਲੀ ਦਲ `ਚ ਬਾਗ਼ੀ ਸੁਰਾਂ ਹੋਰ ਵੀ ਤਿੱਖੀਆਂ ਹੋ ਸਕਦੀਆਂ ਹਨ।
ਸੀਨੀਅਰ ਅਕਾਲੀ ਆਗੂ ਅਸਲ `ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇਣ ਤੇ ਫਿਰ ਪੰਥਕ ਦਬਾਅ ਕਾਰਨ ਉਹ ਮੁਆਫ਼ੀ ਵਾਪਸ ਲੈਣ ਤੋਂ ਕਾਫ਼ੀ ਨਾਰਾਜ਼ ਹਨ। ਸਾਲ 2015 `ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਫਿਰ ਕੋਟਕਪੂਰਾ ਤੇ ਬਰਗਾੜੀ `ਚ ਪੁਲਿਸ ਗੋਲੀਬਾਰੀ ਤੇ ਬਰਗਾੜੀ `ਚ ਦੋ ਸਿੱਖਾਂ ਦੀ ਸ਼ਹਾਦਤ ਨੇ ਮੁੱਦਾ ਹੋਰ ਵੀ ਭਖਾ ਦਿੱਤਾ।

ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇਸੇ ਮੁੱਦੇ `ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਡੇਰਾ ਮੁਖੀ ਨਾਲ ਆਪਣੀ ਯਾਰੀ ਪੁਗਾਈ ਹੈ। ਇਸੇ ਲਈ ਉਸ ਵੇਲੇ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਰਹੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।