ਬਠਿੰਡਾ ‘ਚ ਕਨਵੈਨਸ਼ਨ ਤੋਂ ਪਹਿਲਾਂ ਖਹਿਰਾ ਨੂੰ ਵੱਡਾ ਝਟਕਾ

0
481

ਚੰਡੀਗੜ੍ਹ— ਬਠਿੰਡਾ ‘ਚ ਕਨਵੈਨਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਉਨ੍ਹਾਂ ਨੂੰ ਵਿਰੋਧੀ ਦਲ ਦੇ ਨੇਤਾ ਦੇ ਤੌਰ ‘ਤੇ ਦਿੱਤੀਆਂ ਸਾਰੀਆਂ ਸੁਵਿਧਾਵਾਂ ਵਾਪਸ ਲੈ ਲਈਆਂ ਹਨ। ਸਰਕਾਰੀ ਕੋਠੀ ਅਤੇ ਗੱਡੀ ਵਾਪਸ ਲੈਣ ਦੇ ਨਾਲ-ਨਾਲ ਉਨ੍ਹਾਂ ਦੇ ਗਨਮੈਨ ਵੀ 18 ਤੋਂ ਘਟਾ ਕੇ 4 ਕਰ ਦਿੱਤੇ ਗਏ ਹਨ। ਦਫਤਰੀ ਸਟਾਫ ਵੀ ਉਨ੍ਹਾਂ ਕੋਲੋਂ ਤੁਰੰਤ ਵਾਪਸ ਲੈ ਲਿਆ ਗਿਆ ਹੈ।

ਸਰਕਾਰ ਨੇ ਖਹਿਰਾ ਤੋਂ ਸੁਵਿਧਾਵਾਂ ਵਾਪਸ ਲੈ ਕੇ ਹਰਪਾਲ ਚੀਮਾ ਨੂੰ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਸੁਖਪਾਲ ਖਹਿਰਾ ਨੂੰ ਵਿਰੋਧੀ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਹਰਪਾਲ ਚੀਮਾ ਨੂੰ ਵਿਰੋਧੀ ਦਲ ਦਾ ਨੇਤਾ ਬਣਾਉਣ ਨੂੰ ਕਿਹਾ ਸੀ। ਇਸ ਦੇ ਬਾਅਦ ਸਪੀਕਰ ਨੇ ਇਸ ਬਾਰੇ ਸੂਬਾ ਸਰਕਾਰ ਨੂੰ ਖਹਿਰਾ ਨੂੰ ਵਿਰੋਧੀ ਦਲ ਦੇ ਨੇਤਾ ਦੇ ਤੌਰ ‘ਤੇ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵਾਪਸ ਲੈ ਕੇ ਹਰਪਾਲ ਚੀਮਾ ਨੂੰ ਦੇਣ ਲਈ ਕਿਹਾ ਸੀ।