ਬਜਰੰਗ ਦਲ ਤੇ ਵੀਐਚਪੀ ‘ਦਹਿਸ਼ਤਗਰਦੀ ਧਾਰਮਿਕ ਸੰਗਠਨ’: ਸੀਆਈਏ

0
351

ਨਵੀਂ ਦਿੱਲੀ: ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਨੇ ਭਾਰਤ ‘ਚ ਮੁੱਖ ਹਿੰਦੂ ਸੰਗਠਨ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰਿਸ਼ਦ ਨੂੰ ‘ਦਹਿਸ਼ਤਗਰਦੀ ਧਾਰਮਿਕ ਸੰਗਠਨ’ ਕਰਾਰ ਦਿੱਤਾ ਹੈ।
ਕੇਂਦਰੀ ਖੁਫੀਆ ਏਜੰਸੀ ਨੇ ‘ਵਰਲਡ ਫੈਕਟਬੁੱਕ’ ਰਿਪੋਰਟ ‘ਚ ਉਕਤ ਹਿੰਦੂ ਸੰਗਠਨਾਂ ਸਣੇ ਭਾਰਤ ‘ਚ ਸੱਤਾਧਾਰੀ ਬੀਜੇਪੀ ਦੀ ਸਰਪ੍ਰਸਤ ਆਰਐਸਐਸ ਦਾ ਵੀ ਜ਼ਿਕਰ ਕੀਤਾ ਹੈ।
ਸੀਆਈਏ ਦੀ ਇਸ ਰਿਪੋਰਟ ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਖ਼ਤ ਇਤਰਾਜ਼ ਜਤਾਇਆ ਹੈ ਤੇ ਕੇਂਦਰ ਦੇ ਦਖਲ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੀਆਈਏ ਦੀ ਇਸ ਰਿਪੋਰਟ ‘ਚ ਇਨ੍ਹਾਂ ਹਿੰਦੂ ਸੰਗਠਨਾ ਨੂੰ ਸਿਆਸੀ ਦਬਾਅ ਬਣਾਉਣ ਵਾਲੇ ਗਰੁੱਪ ਤੇ ਲੀਡਰ ਦੀ ਸ਼੍ਰੇਣੀ ਹੇਠ ਦਰਜ ਕੀਤਾ ਗਿਆ ਹੈ। ਸੀਆਈਏ ਮੁਤਾਬਕ ਇਹ ਸੰਗਠਨ ਚੋਣ ਨਹੀਂ ਲੜਦੇ ਪਰ ਰਾਜਨੀਤਿਕ ਦਬਾਅ ਬਣਾਉਣ ਲਈ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕੇਂਦਰੀ ਖੁਫੀਆ ਏਜੰਸੀ ਨੂੰ ਮਾਫੀ ਮੰਗਣ ਲਈ ਕਿਹਾ ਹੈ। ਸੰਗਠਨ ਦੇ ਜੁਆਇੰਟ ਸੈਕਟਰੀ ਸੁਰੇਂਦਰਾ ਜੈਨ ਨੇ ਇਸਨੂੰ ਤੁਰੰਤ ਹਟਾਏ ਜਾਣ ਦੀ ਮੰਗ ਕੀਤੀ ਹੈ। ਇਥੋਂ ਤੱਕ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸਨੂੰ ਭਾਰਤ ਵਿਰੋਧੀ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੀਆਈਏ ਜਿਹੀ ਏਜੰਸੀ ਜੋ ਕਿ ਉਸਾਮਾ ਬਿਨ ਲਾਦੇਨ ਤੇ ਜਿਹਾਦੀ ਕੱਟੜਪੰਥ ਪੈਦਾ ਕਰਨ ਲਈ ਜ਼ਿੰਮੇਵਾਰ ਹੈ ਉਹ ਕਿਸੇ ਰਾਸ਼ਟਰੀ ਸੰਗਠਨ ‘ਤੇ ਅਜਿਹੇ ਇਲਜ਼ਾਮ ਕਿਵੇਂ ਲਾ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਰਿਪੋਰਟ ਉਸ ਸਮੇਂ ਆਈ ਹੈ ਜਦੋਂ ਭਾਰਤ ਵਿਚ ਭੀੜ ਵੱਲੋਂ ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਮਾਰ ਮੁਕਾਉਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆ ਹਨ। ਅਜੇ ਕੁੱਝ ਦਿਨ ਪਹਿਲਾਂ ਹੀ ਝਾਰਖੰਡ ‘ਚ ਅਜਿਹਾ ਮੁੜ ਵਾਪਰਿਆ ਸੀ।
ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਆਪਣੇ ਹਿਤੈਸ਼ੀ ਦਲਾਂ ਦੀ ਸਾਖ ‘ਤੇ ਲੱਗੇ ਸਵਾਲੀਆ ਨਿਸ਼ਾਨਾਂ ਤੇ ਕੀ ਨੋਟਿਸ ਲੈਂਦੀ ਹੈ।