ਨਾਭਾ ਜੇਲ੍ਹ ‘ਚ ਛਾਪੇਮਾਰੀ ਦੀ ਖ਼ਬਰ ਲੀਕ ?

0
324

ਪਟਿਆਲਾ: ਪੰਜਾਬ ਦੀ ਅਤਿ ਸੁਰੱਖਿਆ ਜੇਲ੍ਹਾਂ ਵਿੱਚੋਂ ਨਾਭਾ ਜੇਲ੍ਹ ਵਿੱਚ ਐਤਵਾਰ ਸਵੇਰ ਹੋਈ ਤਲਾਸ਼ੀ ਦੀ ਖ਼ਬਰ ਪਹਿਲਾਂ ਹੀ ਬਾਹਰ ਆਉਣ ਕਾਰਨ ਇਹ ਛਾਪੇਮਾਰੀ ਖਾਸ ਅਸਰ ਨਹੀਂ ਦਿਖਾ ਸਕੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਪ੍ਰਸ਼ਾਸਨ ਤੇ ਕੈਦੀਆਂ ਨੂੰ ਇਸ ਤਲਾਸ਼ੀ ਮੁਹਿੰਮ ਬਾਰੇ ਸ਼ਨੀਵਾਰ ਰਾਤ ਹੀ ਜਾਣਕਾਰੀ ਮਿਲ ਗਈ ਸੀ।
ਐਤਵਾਰ ਵੱਡੇ ਤੜਕੇ ਚਾਰ ਵਜੇ ਅਚਾਨਕ ਸਰਚ ਆਪ੍ਰੇਸ਼ਨ ਲਈ ਪੁਲਿਸ ਕਪਤਾਨ ਅਮਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਚਾਰ ਡੀਐਸਪੀ,15 ਐਸਐਚਓ ਸਮੇਤ 250 ਪੁਲਿਸ ਮੁਲਾਜਮਾਂ ਨਾਭਾ ਜੇਲ੍ਹ ਪਹੁੰਚੇ। ਛਾਪਾ ਮਾਰਨ ਆਈ ਟੀਮ ਨੂੰ ਪੂਰੀ ਆਸ ਸੀ ਕਿ ਗੁਰਦਾਸਪੁਰ ਜੇਲ੍ਹ ਵਾਂਗ ਇੱਥੋਂ ਵੀ ਕੁਝ ਮਿਲੇਗਾ ਪਰ ਉਨ੍ਹਾਂ ਦੀ ਇਸ ਮੁਹਿੰਮ ਨੂੰ ਖਾਸ ਸਫ਼ਲਤਾ ਨਹੀਂ ਮਿਲੀ।
ਮੈਕਸੀਮਮ ਸਿਕਓਰਿਟੀ ਜੇਲ੍ਹ ਅੰਦਰ ਕੀਤੀ ਰੇਡ ਵਿੱਚ ਮਹਿਲਾ ਪੁਲਿਸਕਰਮੀ ਵੀ ਸ਼ਾਮਲ ਸਨ। ਸਾਰੇ ਪੁਲਿਸ ਮੁਲਾਜ਼ਮਾਂ ਨੇ ਜੇਲ੍ਹ ਦੀ ਹਰ ਬੈਰਕ ਤੇ ਹਰ ਕੋਨੇ ਦੀ ਤਲਾਸ਼ੀ ਲਈ। ਚਾਰ ਘੰਟੇ ਚਲੇ ਸੰਘਣੇ ਤਲਾਸ਼ੀ ਅਭਿਆਨ ਤੋਂ ਬਾਅਦ ਫਿਲਹਾਲ ਜੇਲ ਅੰਦਰੋਂ ਕੋਈ ਮੋਬਾਈਲ ਫ਼ੋਨ ਤਾਂ ਨਹੀਂ ਲੱਭਾ ਪਰ ਮੋਬਾਈਲ ਚਾਰਜਰਾਂ ਦੀਆਂ ਪੁਰਾਣੀਆਂ ਤਾਰਾਂ ਬਰਾਮਦ ਹੋਈਆਂ ਹਨ।
ਸੂਤਰਾਂ ਮੁਤਾਬਕ ਜੇਲ੍ਹ ਰੇਡ ਦੀ ਸੂਚਨਾ ਰਾਤ ਦਸ ਵਜੇ ਲੀਕ ਹੋ ਚੁੱਕੀ ਸੀ ਜਿਸ ਕਾਰਨ ਰੇਡ ਕਰਨ ਪਹੁੰਚੀ ਟੀਮ ਨੂੰ ਬੇਰੰਗ ਪਰਤਣਾ ਪਿਆ। ਇਸ ਤੋਂ ਪਹਿਲਾਂ ਨਵੇਂ ਬਣੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੰਗਰੂਰ ਤੇ ਗੁਰਦਾਸਪੁਰ ਦੀਆਂ ਜੇਲ੍ਹਾਂ ਵਿੱਚ ਛਾਪੇਮਾਰੀ ਕਰਵਾ ਚੁੱਕੇ ਹਨ। ਗੁਰਦਾਸਪੁਰ ਜੇਲ੍ਹ ਵਿੱਚੋਂ ਮੋਬਾਈਲ ਮਿਲਣ ਕਾਰਨ ਉੱਥੋਂ ਦੇ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ।