ਤਾਈਵਾਨ ਮਾਮਲੇ ‘ਚ ਵਿਦੇਸ਼ੀ ਦਖ਼ਲ ਬਰਦਾਸ਼ਤ ਨਹੀਂ ਕਰਾਂਗੇ-ਸ਼ੀ ਜਿਨਪਿੰਗ

0
65

ਬੀਜਿੰਗ, (ਪੀ. ਟੀ. ਆਈ.)-ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੀ 5 ਸਾਲਾਂ ‘ਚ ਇਕ ਵਾਰ ਹਫ਼ਤਾ ਭਰ ਚੱਲਣ ਵਾਲੀ ਕਾਂਗਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੀਨ ਦੇ ਪੁਨਰ ਏਕੀਕਰਨ ਦੇ ਉਦੇਸ਼ ਨੂੰ ਪੂਰਾ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ, ਜਿਸ ਤਹਿਤ ਤਾਈਵਾਨ ਦੇ ਮਾਮਲੇ ‘ਚ ਉਹ ਵਿਦੇਸ਼ੀ ਦਖ਼ਲ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਨੂੰ ਚੀਨ ਦੀ ਮੁੱਖ ਭੂਮੀ ਨਾਲ ਮਿਲਾਉਣ ਲਈ ਉਹ ਤਾਕਤ ਦੀ ਵਰਤੋਂ ਕਰਨ ਤੋਂ ਨਹੀਂ ਖੁੰਝਣਗੇ | ਕਾਂਗਰਸ ‘ਚ ਸ਼ਾਮਿਲ ਹੋਏ 2,300 ਤੋਂ ਵੱਧ ਚੁਣੇ ਹੋਏ ਪ੍ਰਤੀਨਿਧਾਂ ਨੂੰ ਆਪਣੇ ਇਕ ਘੰਟਾ 45 ਮਿੰਟ ਦੇ ਭਾਸ਼ਣ ਦੌਰਾਨ ਸ਼ੀ ਜਿਨਪਿੰਗ, ਜੋ ਕਿ ਸੀ.ਪੀ.ਸੀ. ਦੇ ਜਨਰਲ ਸਕੱਤਰ ਵੀ ਹਨ, ਨੇ ਕਿਹਾ ਕਿ ਪਾਰਟੀ ਨੂੰ ਤਾਈਵਾਨ ਮੁੱਦੇ ਨੂੰ ਸੁਲਝਾਉਣ ਲਈ ਆਪਣੀ ਰਣਨੀਤੀ ‘ਤੇ ਕਾਇਮ ਰਹਿਣਾ ਚਾਹੀਦਾ ਹੈ ਅਤੇ ਰਾਸ਼ਟਰ ਨੂੰ ਮੁੜ ਇਕਜੁੱਟ ਕਰਨ ਲਈ ਦਿ੍ੜ੍ਹ ਹੋਣਾ ਚਾਹੀਦਾ ਹੈ | ਉਨ੍ਹਾਂ ਸੱਤਾ ‘ਚ ਤੀਜੀ ਵਾਰ ਪੰਜ ਸਾਲ ਬਣੇ ਰਹਿਣ ਅਤੇ ਸ਼ਾਇਦ ਜੀਵਨ ਭਰ ਲਈ ਕਾਰਜਕਾਲ ਤੈਅ ਕਰਦਿਆਂ ਰਾਸ਼ਟਰੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਹਿੱਤਾਂ ਦੀ ਰੱਖਿਆ ਲਈ ਦੇਸ਼ ਦੀ ਫ਼ੌਜ ਦੇ ਆਧੁਨਿਕੀਕਰਨ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਤੱਕ ਅੱਗੇ ਵਧਾਉਣ ਦੀ ਸਹੁੰ ਵੀ ਚੁੱਕੀ | ਜ਼ਿਕਰਯੋਗ ਹੈ ਕਿ ਤਾਈਵਾਨ ਆਪਣੇ ਆਪ ਨੂੰ ਇਕ ਪ੍ਰਭੂਸੱਤਾ ਸੰਪੰਨ ਰਾਜ ਮੰਨਦਾ ਹੈ ਪਰ ਚੀਨ ਸਵੈ-ਸ਼ਾਸਨ ਵਾਲੇ ਟਾਪੂ ਨੂੰ ਆਪਣੇ ਸੂਬੇ ਦੇ ਰੂਪ ‘ਚ ਦੇਖਦਾ ਹੈੈ | ਸ਼ੀ ਨੇ ਕਿਹਾ ਕਿ ਅਸੀਂ ਤਾਕਤ ਦੀ ਵਰਤੋਂ ਨੂੰ ਨਹੀਂ ਤਿਆਗਾਂਗੇ ਅਤੇ ਤਾਈਵਾਨ ‘ਚ ਸਾਰੀਆਂ ਵੱਖਵਾਦੀ ਲਹਿਰਾਂ ਨੂੰ ਰੋਕਣ ਲਈ ਸਾਰੇ ਜ਼ਰੂਰੀ ਉਪਾਅ ਕਰਾਂਗੇ | ਜ਼ਿਕਰਯੋਗ ਹੈ ਕਿ ਚੀਨੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਵਲੋਂ ਸ਼ੀ ਜਿਨਪਿੰਗ ਨੂੰ ਤੀਜਾ ਪੰਜ ਸਾਲਾਂ ਦਾ ਕਾਰਜਕਾਲ ਪ੍ਰਦਾਨ ਕਰਨ ਦੀ ਉਮੀਦ ਹੈ |