ਜੰਗਲੀ ਜੀਵਾਂ ਲਈ ਖ਼ਤਰੇ ਦੀ ਘੜੀ

0
625

ਹਰ ਸਾਲ ਜੰਗਲੀ ਜੀਵ ਸੁਰੱਖਿਆ ਸਪਤਾਹ ਭਾਰਤ ਵਿੱਚ 2 ਤੋਂ 8 ਅਕਤੂਬਰ ਤੱਕ ਮਨਾਇਆ ਜਾਂਦਾ ਹੈ। ਇਹ ਸਪਤਾਹ ਸਾਲ 1952 ਤੋਂ ਮਨਾਉਣਾ ਸ਼ੁਰੂ ਹੋਇਆ ਸੀ। ਜਿਵੇਂ ਜਿਵੇਂ ਸਾਡੀ ਆਬਾਦੀ ਵਧਦੀ ਜਾ ਰਹੀ ਹੈ, ਅਸੀਂ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਘੱਟ ਤੋਂ ਘੱਟ ਥਾਂ ਛੱਡ ਰਹੇ ਹਾਂ। ਜੰਗਲੀ ਜੀਵਾਂ ਦੀ ਗਿਣਤੀ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਵਣ ਜੀਵਨ ਦੀ ਵੰਨ-ਸੁਵੰਨਤਾ ਪੱਖੋਂ ਭਾਰਤ ਨੂੰ ਮਹੱਤਵਪੂਰਨ ਸਥਾਨ ਹਾਸਲ ਹੈ। ਦੁਨੀਆਂ ’ਚ ਵਣ ਜੀਵਨ ਦੀ ਵੰਨ-ਸੁਵੰਨਤਾ ਵਿੱਚ ਭਾਰਤ ਦਾ ਹਿੱਸਾ 8% ਹੈ। ਕਈ ਕਾਰਨਾਂ ਕਰਕੇ, ਅੱਜ, ਭਾਰਤ ਦੀ ਜੈਵ-ਵਿਵਿਧਤਾ ਖ਼ਤਰੇ ਵਿੱਚ ਹੈ ਕਿਉਂਕਿ ਜੰਗਲੀ ਜੀਵਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਤੇਜ਼ੀ ਨਾਲ ਲੋਪ ਹੋ ਰਹੀਆਂ ਹਨ। ਅਣਗਿਣਤ ਪ੍ਰਜਾਤੀਆਂ ਦੀ ਗਿਣਤੀ ਪਹਿਲਾਂ ਤੋਂ ਹੀ ਖ਼ਤਮ ਹੋ ਚੁੱਕੀ ਹੈ ਅਤੇ ਬਾਕੀਆਂ ਦਾ ਵੀ ਵਿਨਾਸ਼ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਸਾਡੇ ਦੇਸ਼ ਵਿੱਚ ਜੰਗਲੀ ਜੀਵ-ਜੰਤੂਆਂ ਦੀ ਤਬਾਹੀ ਦਾ ਮੁੱਖ ਕਾਰਨ ਹੈ ਉਨ੍ਹਾਂ ਦੇ ਵਾਸ ਵਾਲੀਆਂ ਥਾਵਾਂ ਦਾ ਖ਼ਤਮ ਹੋਣਾ। ਆਈ.ਯੂ.ਸੀ.ਐੱਨ. ਅਨੁਸਾਰ ਜੰਗਲੀ ਜੀਵਾਂ ਦੇ ਕਿਆਮ ਵਾਲੀਆਂ ਥਾਵਾਂ ਘਟਣ ਕਾਰਨ ਸਭ ਤੋਂ ਵੱਧ ਪੰਛੀ ਪ੍ਰਭਾਵਿਤ ਹੋਏ ਹਨ। 89% ਜੰਗਲੀ ਜਾਨਵਰ, 83% ਪੰਛੀ ਅਤੇ 91% ਜੋਖਿਮ ਵਾਲੇ ਪੌਦੇ ਵਿਸ਼ਵ ਪੱਧਰ ’ਤੇ ਖ਼ਤਮ ਹੋਣ ਦੀ ਕਗਾਰ ’ਤੇ ਹਨ। ਪੰਜਾਬ ਵਰਗੇ ਰਾਜ ਵਿੱਚ ਤਾਂ ਜੰਗਲੀ ਜੀਵਾਂ ਲਈ ਸੁਰੱਖਿਅਤ ਰੱਖਾਂ ਵੀ ਨਹੀਂ ਬਚੀਆਂ। ਜਿਹੜੀਆਂ ਬੀੜਾਂ ਬਚੀਆਂ ਹਨ, ਉਨ੍ਹਾਂ ਵਿੱਚ ਪਾਣੀ ਦੀ ਭਾਰੀ ਕਮੀ ਹੈ। ਲਿਹਾਜ਼ਾ, ਰੁੱਖ ਸੁੱਕ ਰਹੇ ਹਨ ਅਤੇ ਪਸ਼ੂ-ਪੰਛੀ ਉੱਥੋਂ ਨੇੜਲੇ ਮਨੁੱਖੀ ਆਬਾਦੀ ਵਾਲੇ ਖੇਤਰਾਂ ਵੱਲ ਪਰਵਾਸ ਕਰ ਗਏ ਹਨ। ਉੱਞੇ ਉਹ ਕੁਦਰਤੀ ਮਾਹੌਲ ਦੀ ਘਾਟ ਕਾਰਨ ਦਮ ਤੋੜਦੇ ਜਾ ਰਹੇ ਹਨ।
ਬਹੁਤੇ ਲੋਕ ਇਹ ਅਹਿਸਾਸ ਨਹੀਂ ਕਰਦੇ ਕਿ ਆਮ ਲੋਕ ਜੰਗਲੀ ਜੀਵਾਂ ਦਾ ਬਚਾਓ ਕਰਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਪਹਿਲਾਂ ਤੋਂ ਹੀ ਮੌਜੂਦਾ ਕਾਨੂੰਨ ਦੀ ਪਾਲਣਾ ਕਰਨਾ ਵੀ ਇਸ ਪਾਸੇ ਸ਼ੁਰੂਆਤ ਦਾ ਇੱਕ ਚੰਗਾ ਤਰੀਕਾ ਹੈ। ਸਭ ਤੋਂ ਮਹੱਤਵਪੂਰਨ ਕੰਮ ਹੈ ਕਿ ਰੱਖਿਆ ਅਤੇ ਸਾਂਭ-ਸੰਭਾਲ ਦੇ ਯਤਨਾਂ ਬਾਰੇ ਜਾਗਰੂਕਤਾ ਲਿਆਂਦੀ ਜਾਵੇ ਅਤੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਵਿਚ ਸ਼ਾਮਲ ਵੱਖ-ਵੱਖ ਸਮੂਹਾਂ ਅਤੇ ਸੰਗਠਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਜੰਗਲੀ ਜਾਨਵਰਾਂ ਨੂੰ ਮਾਰਨ ਵਰਗੇ ਕਦਮ ਚੁੱਕਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸੁਰੱਖਿਅਤ ਖੇਤਰ ਜਾਨਵਰਾਂ ਨੂੰ ਕਿਉਂ ਨਹੀਂ ਰੱਖ ਸਕਦੇ। ਕੀ ਉਹ ਜਾਨਵਰਾਂ ਨਾਲ ਜ਼ਿਆਦਾ ਭਰ ਗਏ ਹਨ ਜਾਂ ਕੀ ਯਤਨ ਕਰਨ ਦੀ ਲੋੜ ਹੈ? ਕੀ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਲੋੜੀਂਦੇ ਫੰਡ ਮੁਹੱਈਆ ਨਹੀਂ ਕਰਵਾਏ ਜਾਂਦੇ? ਯੂਨੀਵਰਸਿਟੀਆਂ ਨੇ ਅਜਿਹੇ ਖੋਜ ਕਾਰਜਾਂ ਤੋਂ ਚੁੱਪੀ ਧਾਰੀ ਹੋਈ ਹੈ। ਜੰਗਲੀ ਜੀਵਾਂ ਦੀ ਸੁਰੱਖਿਆ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਦੀ ਜ਼ਰੂਰਤ ਹੈ। ਹਰੀਕੇ ਜਿਹੇ ਇਲਾਕਿਆਂ ਲਈ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੈ, ਜਿਸ ਨੂੰ ਭੂਮੀ ਮਾਫੀਆ ਅਤੇ ਨਾਜਾਇਜ਼ ਕਾਬਜ਼ਕਾਰਾਂ ਤੋਂ ਖ਼ਤਰਾ ਹੈ। ਸਾਈਕਜ਼ ਨਾਈਟ ਜਾਰ ਤੇ ਸਲਾਰਾ ਕਬੂਤਰ, ਜੋ ਕਿ ਬਹੁਤ ਘੱਟ ਮਿਲਣ ਵਾਲੀਆਂ ਜੀਵ ਵੰਨਗੀਆਂ ਹਨ, 1998 ਤੋਂ ਹਰੀਕੇ ਝੀਲ ਵਿਖੇ ਪਰਵਾਸ ਕਰਨ  ਨਹੀਂ ਪਰਤੀਆਂ। ਇਸ ਅਹਿਮ ਖੇਤਰ ਦਾ ਪੰਜਾਬ ਰਾਜ ਜੰਗਲੀ ਜੀਵ ਬੋਰਡ ਵਿੱਚ ਕੋਈ ਮੈਂਬਰ ਨਹੀਂ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਵਾਤਾਵਰਨ ਬਾਰੇ ਨਿਯਮਿਤ ਜਾਗਰੂਕਤਾ ਪ੍ਰੋਗਰਾਮ ਚਲਾਉਣ ਲਈ ਸਿੱਖਿਆ ਵਿਭਾਗ ਨੂੰ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਨਾਲ ਆਪਣਾ ਰਾਬਤਾ ਬਰਕਰਾਰ ਰੱਖਣਾ ਚਾਹੀਦਾ ਹੈ। ਸਿਰਫ਼ ਸਾਡੀ ਦਿਲੀ ਕੋਸ਼ਿਸ਼ ਹੀ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਵਿੱਚ ਮਦਦ ਕਰ ਸਕਦੀ ਹੈ।
  ਗੁਰਮੀਤ ਸਿੰਘ  –   ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
  ਸੰਪਰਕ: 9888456910