ਜਪਾਨ ਵਿੱਚ 4 ਦਿਨਾਂ ਦਾ ਹੋਵੇਗਾ ਹਫਤਾ?

0
257

ਟੋਕੀਓ(ਏਜੰਸੀਆਂ):ਦੁਨੀਆ ’ਚ ਆਪਣੇ ਵਧੀਆ ਸਿਸਟਮ ਤੇ ਫੈਸਲਿਆਂ ਲਈ ਜਾਪਾਨ ਜਾਣਿਆ ਜਾਂਦਾ ਹੈ। ਇਥੋਂ ਦੀ ਸਰਕਾਰ ਨੇ ਹਾਲ ਹੀ ’ਚ ਕੰਪਨੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਹਫਤੇ ’ਚ 5 ਦੀ ਥਾਂ 4 ਦਿਨ ਕੰਮ ਕਰਨ ਦਾ ਬਦਲ ਦੇਣ। ਇਸ ’ਚ ਕਰਮਚਾਰੀਆਂ ਨੂੰ ਇਹ ਅਧਿਕਾਰ ਦਿੱਤਾ ਜਾਵੇਗਾ ਕਿ ਉਹ ਹਫ਼ਤੇ ਦੇ ਕਿਹੜੇ ਚਾਰ ਦਿਨ ਕੰਮ ਕਰਨ। ਜ਼ਿਕਰਯੋਗ ਹੈ ਕਿ ਜਾਪਾਨ ਸਰਕਾਰ ਲੋਕਾਂ ਨੂੰ ਇੰਨਾ ਸਮਾਂ ਦੇਣਾ ਚਾਹੁੰਦੀ ਹੈ ਕਿ ਜਿਸ ਨਾਲ ਉਹ ਨੌਕਰੀ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੇ ਨਵੇਂ ਸਕਿੱਲ ਸਿੱਖਣ ਦੀ ਜ਼ਰੂਰਤ ਵਿਚਾਲੇ ਤਾਲਮੇਲ ਬਿਠਾ ਸਕਣ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਉਨ੍ਹਾਂ ਦਾ ਜੀਵਨ ਵਧੀਆ ਹੋਵੇਗਾ। ਜਾਪਾਨ ਸਰਕਾਰ ਨੇ ਇਸ ਨੂੰ ਲੈ ਕੇ ਗਾਈਡਲਾਈਨ ਵੀ ਤਿਆਰ ਕਰ ਲਈ ਹੈ ਪਰ ਇਸ ਨੀਤੀ ਨੂੰ ਲੈ ਕੇ ਦੇਸ਼ ’ਚ ਬਹਿਸ ਛਿੜ ਗਈ ਹੈ। ਜਾਪਾਨ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ ’ਚ ਬਹੁਤ ਸੁਧਾਰ ਹੋ ਸਕਦਾ ਹੈ। ਜ਼ਿਆਦਾ ਛੁੱਟੀਆਂ ਕਰਨ ਨਾਲ ਕਰਮਚਾਰੀ ਆਪਣੇ ਪਰਿਵਾਰਾਂ ਨਾਲ ਘੁੰਮਣ-ਫਿਰਨ ਜਾਣਗੇ ਤੇ ਪੈਸੇ ਖਰਚ ਕਰਨਗੇ, ਜਿਸ ਦਾ ਅਸਰ ਸਿੱਧੇ ਤੌਰ ’ਤੇ ਅਰਥਵਿਵਸਥਾ ’ਤੇ ਪਵੇਗਾ।
ਸਰਕਾਰ ਦਾ ਇਸ ਤਰ੍ਹਾਂ ਕਰਨ ਪਿੱਛੇ ਮਕਸਦ ਡਿਗਦੀ ਜਨਮ ਦਰ ਦੀ ਸਮੱਸਿਆ ਨੂੰ ਦੂਰ ਕਰਨਾ ਵੀ ਹੈ। ਸਰਕਾਰ ਅਜਿਹੀ ਉਮੀਦ ਕਰ ਰਹੀ ਹੈ ਕਿ ਛੁੱਟੀ ਮਿਲਣ ’ਤੇ ਜੋੜੇ ਬਾਹਰ ਜਾਣਗੇ। ਵਿਆਹ ਕਰਨਗੇ ਤੇ ਬੱਚੇ ਪੈਦਾ ਕਰਨਗੇ।
ਇਸ ਸਭ ਦੇ ਦਰਮਿਆਨ ਕਰਮਚਾਰੀਆਂ ਲਈ ਜਿਥੇ ਇਸ ਯੋਜਨਾ ਦੇ ਲਾਭ ਹਨ, ਉਥੇ ਹੀ ਉਨ੍ਹਾਂ ਨੂੰ ਇਸ ਨਾਲ ਨੁਕਸਾਨ ਵੀ ਹੋਵੇਗਾ। ਇਸ ਸਬੰਧੀ ਅਰਥਸ਼ਾਸਤਰੀ ਕਹਿੰਦੇ ਹਨ ਕਿ ਇਸ ਯੋਜਨਾ ’ਚ ਖਾਮੀਆਂ ਹਨ। ਜਾਪਾਨ ਪਹਿਲਾਂ ਹੀ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹਾ ਹੈ। ਅਜਿਹੀ ਹਾਲਤ ’ਚ ਕਰਮਚਾਰੀਆਂ ਨੂੰ ਇਹ ਵੀ ਫਿਕਰ ਹੈ ਕਿ ਘੱਟ ਦਿਨ ਕੰਮ ਕਰਨ ਨਾਲ ਉਨ੍ਹਾਂ ਦੀ ਆਮਦਨ ਵੀ ਘੱਟ ਹੋ ਸਕਦੀ ਹੈ।