ਚੀਨ ਵਿੱਚ ਕਿਉ ਵੱਧ ਰਹੀ ਹੈ ਗਧਿਆਂ ਦੀ ਮੰਗ?

0
545

ਚੀਨ ਵਿਚ ਗਧੇ ਦੀ ਚਮੜੀ ਦੀ ਭਾਰੀ ਮੰਗ ਕਾਰਨ ਉਨ੍ਹਾਂ ਦੀ ਆਬਾਦੀ ‘ਤੇ ਸੰਕਟ ਦੇ ਬੱਦਲ ਛਾ ਗਏ ਹਨ। ਇੱਥੇ ਗਧੇ ਦੀ ਚਮੜੀ ਦੀ ਵਰਤੋਂ ਹੈਲਥ ਫੂਡ ਅਤੇ ਪਾਰੰਪਰਕ ਦਵਾਈਆਂ ਬਣਾਉਣ ਵਿਚ ਕੀਤੀ ਜਾਂਦੀ ਹੈ। ਗਧੇ ਦੇ ਮਾਂਸ ਦੀ ਵੀ ਮੰਗ ਉਨੀਂ ਹੀ ਹੈ ਪਰ ਇਨ੍ਹਾਂ ਦੀ ਗਿਣਤੀ ਵਿਚ ਆਈ ਵੱਡੀ ਗਿਰਾਵਟ ਅਤੇ ਸੁਸਤ ਵਾਧਾ ਦਰ ਕਾਰਨ ਸਪਲਾਇਰਸ ਨੂੰ ਕੋਈ ਹੋਰ ਵਿਕਲਪ ਲੱਭਣ ਲਈ ਮਜ਼ਬੂਰ ਕਰ ਦਿੱਤਾ ਹੈ।
ਗਧੇ ਦੀਆਂ ਕੀਮਤਾਂ ਵਿਚ ਵਾਧਾ
ਗਧੇ ਦੀ ਘਟਦੀ ਆਬਾਦੀ ਨੇ ਅਫਰੀਕਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਕਿਉਂਕਿ ਇੱਥੇ ਇਸ ਜਾਨਵਰ ਦੀ ਵਰਤੋਂ ਖਾਸ ਕਰ ਕੇ ਗਰੀਬ ਭਾਈਚਾਰੇ ਵਿਚ ਆਵਾਜਾਈ ਅਤੇ ਖੇਤੀ ਵਿਚ ਕੀਤੀ ਜਾਂਦੀ ਹੈ। ਇਸੇ ਕਾਰਨ ਇਹ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਹਨ। ਨਕਦੀ ਪਾਉਣ ਲਈ ਗਧਿਆਂ ਦੀ ਚੋਰੀ ਵੱਧਦੀ ਜਾ ਰਹੀ ਹੈ ਅਤੇ ਬੀਤੇ ਕੁਝ ਸਾਲਾਂ ਵਿਚ ਕਈ ਇਲਾਕਿਆਂ ਵਿਚ ਗਧੇ ਦੀ ਕੀਮਤ ਦੁਗਣੀ ਹੋ ਗਈ ਹੈ। ਇਸੇ ਕਾਰਨ ਇੱਥੋਂ ਦੇ ਪਰਿਵਾਰ ਨਵਾਂ ਜਾਨਵਰ ਖਰੀਦਣ ਵਿਚ ਅਸਮਰਥ ਹੁੰਦੇ ਜਾ ਰਹੇ ਹਨ।
ਗਧੇ ਦੇ ਨਿਰਯਾਤ ਦੇ ਅੰਕੜੇ
ਬ੍ਰਿਟੇਨ ਦੀ ਚੈਰਿਟੀ ਡੌਂਕੀ ਸੈਂਚੁਅਰੀ ਦੇ ਅੰਕੜਿਆਂ ਮੁਤਾਬਕ ਹਰ ਸਾਲ 18 ਲੱਖ ਗਧਿਆਂ ਦੀ ਚਮੜੀ ਦਾ ਕਾਰੋਬਾਰ ਹੁੰਦਾ ਹੈ ਜਦਕਿ ਮੰਗ 100 ਲੱਖ ਚਮੜੀਆਂ ਦੀ ਹੈ। ਇਕ ਸਰਕਾਰੀ ਅੰਕੜੇ ਮੁਤਾਬਕ ਸਾਲ 1990 ਵਿਚ 110 ਲੱਖ ਦੀ ਤੁਲਨਾ ਵਿਚ ਅੱਜ ਚੀਨ ਵਿਚ ਗਧਿਆਂ ਦੀ ਆਬਾਦੀ ਸਿਰਫ 30 ਲੱਖ ਹੈ। ਇੱਥੇ ਗਧੇ ਦੀ ਚਮੜੀ ਨੂੰ ਉਬਾਲ ਕੇ  ਬਣਾਏ ਜਾਣ ਵਾਲੇ ਸੁਪਰ ਫੂਡ ਜੈਲੇਟਾਈਨ, ਇਜ਼ਿਆਓ ਦੀ ਕੀਮਤ 25,390 ਰੁਪਏ ਪ੍ਰਤੀ ਕਿਲੋ ਤੱਕ ਹੈ। ਯੁਗਾਂਡਾ, ਤਨਜ਼ਾਨੀਆ, ਬੋਲਸਵਾਨਾ, ਨਾਈਜ਼ਰ, ਬੁਰਕਿਨੋ ਫਾਸੋ, ਮਾਲੀ ਅਤੇ ਸੇਨੇਗਲ ਨੇ ਚੀਨ ਨੂੰ ਗਧੇ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਗਧਿਆਂ ਲਈ ਬਣਾਏ ਗਏ ਬੂਚੜਖਾਨੇ
ਕੀਨੀਆ ਵਿਚ ਖੋਲੇ ਗਏ ਤਿੰਨ ਬੂਚੜਖਾਨਿਆਂ ਕਾਰਨ ਗਧੇ ਦੀਆਂ ਕੀਮਤਾਂ ਵਿਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਵਿਚੋਂ ਹਰ ਬੂਚੜਖਾਨੇ ਵਿਚ ਰੋਜ਼ਾਨਾ ਕਰੀਬ 150 ਜਾਨਵਰਾਂ ਨੂੰ ਕੱਟਣ ਮਗਰੋਂ ਇਨ੍ਹਾਂ ਦੇ ਮਾਂਸ ਦੀ ਪੈਕਿੰਗ ਅਤੇ ਬਰਫ ਵਿਚ ਜਮਾਂ ਕਰਨ ਦੇ ਨਾਲ ਹੀ ਚਮੜੀ ਨੂੰ ਨਿਰਯਾਤ ਲਈ ਤਿਆਰ ਕੀਤਾ ਜਾ ਸਕਦਾ ਹੈ। ਬੂਚੜਖਾਨੇ ਵਿਚ ਜਿਉਂਦੇ ਗਧੇ ਨੂੰ ਉਸ ਦੇ ਭਾਰ ਮੁਤਾਬਕ ਵੇਚਿਆ ਜਾ ਸਕਦਾ ਹੈ। ਨੈਰੋਬੀ ਦੇ ਪੱਛਮ ਵਿਚ ਸਥਿਤ ‘ਸਟਾਰ ਬ੍ਰਿਲੀਐਂਟ ਗਧਾ ਨਿਰਯਾਤ’ ਬੂਚੜਖਾਨੇ ਦੇ ਸੀ. ਈ. ਓ. ਦੱਸਦੇ ਹਨ ਕਿ ਕੀਨੀਆ ਅਤੇ ਅਫਰੀਕਾ ਵਿਚ ਗਧਾ ਬੂਚੜਖਾਨੇ ਲਈ ਲਾਈਸੈਂਸ ਪਾਉਣ ਵਾਲੇ ਉਹ ਪਹਿਲੇ ਵਿਅਕਤੀ ਹਨ। ਉਨ੍ਹਾਂ ਨੇ ਕਿਹਾ ਪਹਿਲਾਂ ਗਧਿਆਂ ਦਾ ਬਾਜ਼ਾਰ ਨਹੀਂ ਸੀ। ਪਹਿਲਾਂ ਸਾਨੂੰ ਗਧਿਆਂ ਦੀ ਵਿਕਰੀ ਤੋਂ ਕੁਝ ਨਹੀਂ ਮਿਲਦਾ ਸੀ ਪਰ ਹੁਣ ਅਸੀਂ ਚੀਨੀਆਂ ਦੀ ਇਸ ਵੱਧਦੀ ਹੋਈ ਮੰਗ ਨਾਲ ਖੁਸ਼ ਹਾਂ ਕਿਉਂਕਿ ਅੱਜ ਇਸੇ ਕਾਰਨ ਕਈ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ।
ਗਧਿਆਂ ਨਾਲ ਹੋ ਰਹੀ ਹੈ ਬਦਸਲੂਕੀ : 

ਗਧਿਆਂ ਨਾਲ ਕੀਤੇ ਜਾ ਰਹੇ ਵਤੀਰੇ ਦੀ ਵੀ ਆਲੋਚਨਾ ਕੀਤੀ ਜਾ ਰਹੀ ਹੈ। ਬ੍ਰਿਟੇਨ ਵਿਚ ਗਧਿਆਂ ਦੀ ਚੈਰਿਟੀ ਸੰਸਥਾ ਅਤੇ ਦੱਖਣੀ ਅਫਰੀਕਾ ਦੇ ਸਮੂਹ ਆਕਸਪੈਕਰਸ ਦੇ ਖੋਜੀ ਪੱਤਰਕਾਰਾਂ ਨੇ ਜਾਨਵਰਾਂ ਨਾਲ ਹੋ ਰਹੀ ਬਦਸਲੂਕੀ ਦੇ ਮਾਮਲਿਆਂ ਨੂੰ ਸਾਹਮਣੇ ਲਿਆਉਂਦਾ ਹੈ। ਡੌਂਕੀ ਸੈਂਚੁਰੀ ਦੇ ਮਾਇਕ ਬੇਕਰ ਕਹਿੰਦੇ ਹਨ,”ਇਸ ਸਮੇਂ ਗਧੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸੇ ਕਾਰਨ ਇਨ੍ਹਾਂ ਦੇ ਵਪਾਰ ‘ਤੇ ਰੋਕ ਲਗਾਉਣ ਲਈ ਅੰਤਰ ਰਾਸ਼ਟਰੀ ਮੁਹਿੰਮ ਚਲਾਈ ਜਾ ਰਹੀ ਹੈ।” ਉਨ੍ਹਾਂ ਨੇ ਕਿਹਾ,”ਅੰਤਰ ਰਾਸ਼ਟਰੀ ਦਬਾਅ ਨਾਲ ਇਸ ਸਮੱਸਿਆ ਨੂੰ ਸੁਲਝਾਉਣ ਵਿਚ ਮਦਦ ਮਿਲੇਗੀ। ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਨੇ ਗਧੇ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ।”
ਇਸ ਸਭ ਦੇ ਬਾਵਜੂਦ ਪੂਰੇ ਅਫਰੀਕੀ ਮਹਾਂਦੀਪ ਵਿਚ ਭਿਆਨਕ ਸੋਕੇ ਨਾਲ ਪੀੜਤ ਲੋਕ ਆਪਣੇ ਗਧੇ ਵੇਚਣ ਲਈ ਮਜ਼ਬੂਰ ਹਨ ਜਦਕਿ ਹੋਰ ਕਈ ਲੋਕਾਂ ਦੇ ਗਧੇ ਚੋਰੀ ਕੀਤੇ ਜਾ ਰਹੇ ਹਨ।