ਗੁਰਦੁਆਰਾ ਖ਼ਾਲਸਾ ਦਿਵਾਨ ਦੀ ਨਵੀਂ ਇਮਾਰਤ ਦੀ ਉਸਾਰੀ ਦੀ ਪੰਜ ਸਿੰਘ ਸਾਹਿਬਾਨਾਂ ਵਲੋਂ ਸ਼ੁਰੂਆਤ

0
737

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਗਦਰੀ ਬਾਬਿਆਂ ਨਾਲ ਸਬੰਧਿਤ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖ਼ਾਲਸਾ ਦਿਵਾਨ (ਸਿੱਖ ਟੈਂਪਲ) ਦੀ ਨਵੀਂ ਇਮਾਰਤ ਦੀ ਉਸਾਰੀ ਲਈ ਪੁਰਾਣੀ ਯਾਦਗਾਰੀ ਇਮਾਰਤ ਨੂੰ ਢਾਹੁਣ ਦਾ ਕਾਰਜ ਭਾਰਤ ਤੋਂ ਜਥੇਦਾਰ ਪਿਪਲ ਸਿੰਘ ਦੀ ਅਗਵਾਈ ਵਿਚ ਪਹੁੰਚੇ ਪੰਜ ਪਿਆਰੇ ਸਾਹਿਬਾਨ ਵਲੋਂ ਅਰਦਾਸ ਉਪਰੰਤ ਟੱਕ ਲਗਾ ਕੇ ਸ਼ੁਰੂ ਕੀਤਾ। ਇਸ ਸਾਰੇ ਕਾਰਜ ਸਬੰਧੀ ਜਾਣਕਾਰੀ ਦਿੰਦਿਆਂ 31 ਮੈਂਬਰੀ ਬਿਲਡਿੰਗ ਕਮੇਟੀ ਦੇ ਕਨਵੀਨਰ ਗੁਰਦੇਵ ਸਿੰਘ ਗਾਲਿਬ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਨੂੰ ਢਾਹੁਣ ਦਾ ਕਾਰਜ ਵਾਈ.ਐਸ.ਕੇ.2. ਇਜ਼ੀਨੀਅਰਜ਼ ਵਲੋਂ 4 ਮਹੀਨੇ ਵਿਚ ਕਰੀਬ ਜੁਲਾਈ ਅੱਧ ਤੱਕ ਪੂਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਅਸਗਤ ਵਿਚ 2 ਪੜ੍ਹਾਵਾਂ ਅਧੀਨ ਉਸਾਰੀ ਜਾਣ ਵਾਲੀ ਇਮਾਰਤ ਦਾ ਪਹਿਲਾ ਹਿੱਸਾ ਕਰੀਬ 80 ਫੀਸਦੀ ਉਸਾਰੀ ਵਾਲਾ ਫੇਜ਼ 1 ਸਾਲ 2020 ਅਤੇ 20 ਫੀਸਦੀ ਉਧਾਰੀ ਵਾਲਾ ਫੇਜ਼ 2 ਸਾਲ 2021 ਤੱਕ ਸੰਪੂਰਨ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਇਤਿਹਾਸਕ ਇਮਾਰਤ ਦੀ ਉਸਾਰੀ ‘ਤੇ ਕਰੀਬ 170 ਮਿਲੀਅਨ ਹਾਂਗਕਾਂਗ ਡਾਲਰ ਦਾ ਖ਼ਰਚ ਆਵੇਗਾ। ਜਿਸ ਲਈ ਉਹ ਹਾਂਗਕਾਂਗ ਦੀ ਸਮੁੱਚੀ ਸਾਧ ਸੰਗਤ ਵਲੋਂ ਦੇਸ਼ ਅਤੇ ਵਿਦੇਸ਼ ਵਿਚ ਵਸਦੀਆਂ ਸੰਗਤਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਆਸਵੰਦ ਹਨ। ਉਨ੍ਹਾਂ ਵਲੋਂ ਜਿੱਥੇ ਇਸ ਉਸਾਰੀ ਲਈ ਹਾਂਗਕਾਂਗ ਸਰਕਾਰ ਵਲੋਂ ਵਿਭਾਗੀ ਕਾਰਜਾਂ ਵਿਚ ਪਹਿਲ ਦੇ ਆਧਾਰ ‘ਤੇ ਸਹਿਯੋਗ ਦੇਣ ਲਈ ਧੰਨਵਾਦ ਪ੍ਰਗਟ ਕੀਤਾ, ਉੱਥੇ ਭਾਰਤ ਤੋਂ ਇਸ ਕਾਰਜ ਲਈ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਦੋ ਆਰਕੀਟੈਕਟ ਭਰਾਵਾਂ ਸ: ਗੁਰਸ਼ਰਨ ਸਿੰਘ ਅਤੇ ਸ: ਗੁਰਜੀਤ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਕਾਰਜ ਦੇ ਸ਼ੁਰੂਆਤ ਸਮਾਗਮ ਮੌਕੇ ਹਾਂਗਕਾਂਗ ਦੀਆਂ ਅਜ਼ੀਮ ਸਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਇਕੱਤਰਤਾ ਕੀਤੀ ਗਈ।