ਗਾਣੇ ਤੋਂ ਪ੍ਰਭਾਵਿਤ ਹੋ ਕੇ 35 ਹਜ਼ਾਰ ’ਚ ਖ਼ਰੀਦਿਆ ਨਜਾਇਜ਼ ਅਸਲਾ

0
487

ਬਠਿੰਡਾ : ਸੂਬੇ ਦੇ ਕੁਝ ਗਾਇਕਾਂ ਵੱਲੋਂ ਆਪਣੇ ਗੀਤਾਂ ਵਿਚ ਹਥਿਆਰਾਂ ਤੇ ਨਸ਼ਿਆਂ ਦੀ ਨੁਮਾਇਸ਼ ਕਰਨਾ ਭੋਲੇ ਨੌਜਵਾਨਾਂ ਦੇ ਦਿਲਾਂ ਤੇ ਦਿਮਾਗ਼ਾਂ ’ਤੇ ਇਸ ਤਰ੍ਹਾਂ ਅਸਰ ਕਰ ਰਿਹਾ ਹੈ ਕਿ ਇਹ ਪੀੜ੍ਹੀ ਗਾਣਿਆਂ ਨੂੰ ਹਕੀਕੀ ਜ਼ਿੰਦਗੀ ਮੰਨ ਬੈਠੀ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਇਕ ਪਿੰਡ ਦੇ ਵਸਨੀਕ ਨੌਜਵਾਨ ਨਾਲ ਬੁਰੀ ਘਟਨਾ ਵਾਪਰੀ ਹੈ, ਦਰਅਸਲ, ਨੌਜਵਾਨ ਨੇ ਪੰਜਾਬੀ ਗਾਇਕ ਕਲਾਕਾਰ ਦੇ ਗਾਣੇ ਤੋਂ ਪ੍ਰਭਾਵਤ ਹੋ ਕੇ ਨਾਜਾਇਜ਼ ਅਸਲਾ ਖ਼ਰੀਦ ਲਿਆ ਤੇ ਪੁਲਿਸ ਦੇ ਅੜਿੱਕੇ ਚੜ ਗਿਆ।
ਜਾਣਕਾਰੀ ਮੁਤਾਬਕ ਥਾਣਾ ਤਲਵੰਡੀ ਸਾਬੋ ਦੇ ਪਿੰਡ ਗਿਆਨਾ ਦੇ ਬਾਸ਼ਿੰਦੇ ਜਸ਼ਨਪ੍ਰੀਤ ਸਿੰਘ ਨੂੰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ 32 ਬੋਰ ਦੇ ਦੇਸੀ ਪਿਸਤੌਲ ਤੇ 5 ਕਾਰਤੂਸਾਂ ਸਣੇ ਹਿਰਾਸਤ ਵਿਚ ਲਿਆ ਹੈ। ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਨਰਦੇਵ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਪਰਦੇਸ ਜਾ ਕੇ ਭਵਿੱਖ ਸਵਾਰਨਾ ਚਾਹੁੰਦਾ ਸੀ, ਉਹ ਬਠਿੰਡਾ ਸਥਿਤ ਪੀਜੀ ਵਿਚ ਰਹਿ ਕੇ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ। ਪੀਜੀ ਵਿਚ ਰਹਿਣ ਕਰ ਕੇ ਉਸ ਦਾ ਸੰਪਰਕ ਕਈ ਨੌਜਵਾਨਾਂ ਨਾਲ ਹੋ ਗਿਆ। ਨੌਜਵਾਨਾਂ ਵੱਲੋਂ ਕੀਤੀ ਗਈ ਪਾਰਟੀ ਦੌਰਾਨ ਉਸ ਨੂੰ ਸਨੀ ਨਾਂ ਦਾ ਮੁੰਡਾ ਮਿਲਿਆ, ਜਿਸ ਕੋਲ 32 ਬੋਰ ਦਾ ਪਿਸਤੌਲ ਸੀ। ਜਸ਼ਨਪ੍ਰੀਤ ਨੇ ਦੱਸਿਆ ਕਿ ਉਹ ਇਕ ਪੰਜਾਬੀ ਗਾਇਕ ਕਲਾਕਾਰ ਦੇ ਗੀਤਾਂ ਤੋਂ ਬਹੁਤ ਪ੍ਰਭਾਵਤ ਸੀ, ਜਿਸ ਕਰ ਕੇ ਉਸ ਨੇ ਉਕਤ ਨੌਜਵਾਨ ਕੋਲੋਂ 35 ਹਜ਼ਾਰ ਰੁਪਏ ਵਿਚ ਅਸਲਾ ਖ਼ਰੀਦ ਲਿਆ ਤੇ ਕੋਲ ਰੱਖ ਲਿਆ। ਸਮਾਜ ਸੇਵਕ ਹਰਮਿਲਾਪ ਗਰੇਵਾਲ ਦਾ ਕਹਿਣਾ ਸੀ ਕਿ ਨੌਜਵਾਨ ਪੀੜੀ ਨੂੰ ਅਜਿਹੇ ਗ਼ੈਰ-ਹਕੀਕੀ ਗਾਣੇ ਗਾਉਣ ਵਾਲੇ ਗਾਇਕ ਕਲਾਕਾਰਾਂ ਨੂੰ ਸੁਣਨ ਦੀ ਬਜਾਏ ਚੰਗਾ ਸਾਹਿਤ ਪਡ਼੍ਹਨਾ ਚਾਹੀਦਾ ਹੈ।