ਕੈਪਟਨ ਬਣਾ ਸਕਦੇ ਹਨ ਟਰੂਡੋ ਦੇ ਪੰਜਾਬ ਦੌਰੇ ਤੋ ਦੂਰੀ

0
167

ਅੰਮ੍ਰਿਤਸਰ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਅੰਮ੍ਰਿਤਸਰ ਜਾਣਗੇ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਸੰਭਾਵਨਾ ਹੈ ਕਿ ਟਰੂਡੋ ਦੇ ਸਵਾਗਤ ਲਈ ਅੰਮ੍ਰਿਤਸਰ ‘ਚ ਹੋ ਰਹੀ ਪਾਰਟੀ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਸ਼ਿਰਕਤ ਨਾ ਕਰਨ। ਇਹ ਅੰਦਾਜ਼ਾ ਇਸ ਕਾਰਨ ਲਗਾਇਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਦ ਕੈਨੇਡਾ ਦੇ ਰੱਖਿਆ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਪੰਜਾਬ ਦੌਰੇ ‘ਤੇ ਆਏ ਸਨ ਤਾਂ ਕੈਪਟਨ ਸਾਹਿਬ ਨੇ ਉਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਇਹ ਵੀ ਸੁਣਨ ‘ਚ ਮਿਲਿਆ ਸੀ ਕਿ ਕੈਪਟਨ ਅਤੇ ਇੰਡੋ-ਕੈਨੇਡੀਅਨ ਮੰਤਰੀ ਨਵਦੀਪ ਬੈਂਸ ਵਿਚਕਾਰ ਅਣਬਣ ਹੈ। ਕੈਪਟਨ ਦਾ ਕਹਿਣਾ ਸੀ ਕਿ ਬੈਂਸ ਅਤੇ ਹੋਰ ਨੇਤਾਵਾਂ ਨੇ ਮਿਲ ਕੇ 2016 ‘ਚ ਉਨ੍ਹਾਂ ਨੂੰ ਕੈਨੇਡਾ ਜਾਣ ਤੋਂ ਰੋਕਿਆ ਸੀ, ਜਿਸ ਸਮੇਂ ਉਹ ਚੋਣਾਂ ਦੌਰਾਨ ਐੱਨ.ਆਰ.ਆਈਜ਼ ਨੂੰ ਮਿਲਣਾ ਚਾਹੁੰਦੇ ਸਨ। ਉਸ ਸਮੇਂ ਕੈਪਟਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਇੱਥੇ ਖਾਲਿਸਤਾਨੀ ਸਮਰਥਕ ਹੀ ਉਨ੍ਹਾਂ ਨੂੰ ਕੈਨੇਡਾ ਆਉਣ ਤੋਂ ਰੋਕ ਰਹੇ ਹਨ।
ਅਪ੍ਰੈਲ 2017 ‘ਚ ਕੈਪਟਨ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਸੀ ਕਿ ਬੈਂਸ ਵੀ ਉਨ੍ਹਾਂ ਖਾਲਿਸਤਾਨੀ ਸਮਰਥਕਾਂ ‘ਚੋਂ ਇਕ ਹਨ। ਪੰਜਾਬ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਸੂਬਾ ਸਰਕਾਰ ਨੂੰ ਟਰੂਡੋ ਦੇ ਭਾਰਤ ਦੌਰੇ ਬਾਰੇ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਇਹ ਕਹਿ ਚੁੱਕੇ ਹਨ ਕਿ ਜੇਕਰ ਕੈਨੇਡਾ ਦੇ ਪ੍ਰਧਾਨ ਮੰਤਰੀ ਭਾਰਤ ਦੌਰੇ ‘ਤੇ ਆਉਂਦੇ ਹਨ ਅਤੇ ਪੰਜਾਬ ਆਉਂਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ। ਫਿਲਹਾਲ ਉਡੀਕ ਹੈ ਟਰੂਡੋ ਦੇ ਭਾਰਤ ਆਉਣ ਦੀ ਅਤੇ ਇਹ ਦੇਖਣ ਦੀ ਕਿ ਕੈਪਟਨ ਕਿਹੋ ਜਿਹਾ ਵਿਵਹਾਰ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਟਰੂਡੋ 23 ਫਰਵਰੀ ਤਕ ਭਾਰਤ ‘ਚ ਰਹਿਣਗੇ ਅਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਠਕਾਂ ਕਰਨਗੇ।