ਕੈਨੇਡਾ ‘ਚ ਕਾਮਾਗਾਟਾਮਾਰੂ ਦੇ ਸ਼ਹੀਦਾਂ ਦੀ ਯਾਦ ‘ਚ ਬਣਿਆ ਪਾਰਕ

0
359

ਕੈਨੇਡਾ ਦੇ ਬਰੈਮਪਟਨ ਸ਼ਹਿਰ ‘ਚ ‘ਅਰਾਈਵਲ ਆਫ ਕਾਮਾਗਾਟਾਮਾਰੂ’ ਦੀ 105ਵੀਂ ਵਰੇਗੰਢ ਮੌਕੇ ‘ਕਾਮਾਗਾਟਾਮਾਰੂ ਪਾਰਕ’ ਦਾ ਉਦਘਾਟਨ 22 ਜੂਨ ਨੂੰ ਕੀਤਾ ਜਾਵੇਗਾ। ਇਹ ਪਾਰਕ ਵਿਸ਼ੇਸ਼ ਤੌਰ ‘ਤੇ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਨੂੰ ਸਮਰਪਿਤ ਬਣਾਇਆ ਗਿਆ ਹੈ।

ਕੀ ਹੈ ਕਾਮਾਗਾਟਮਾਰੂ ਦਾ ਇਤਿਹਾਸ ?
ਕਾਮਾਗਾਟਾਮਾਰੂ ਬਿਰਤਾਂਤ ਇੱਕ ਜਪਾਨੀ ਬੇੜੇ, ਕਾਮਾਗਾਟਾਮਾਰੂ ਦਾ ਦੁਖਾਂਤ ਵਾਕਿਆ ਹੈ ਜੋ 1914 ਵਿੱਚ ਪੰਜਾਬ, ਭਾਰਤ ਤੋਂ 376 ਮੁਸਾਫ਼ਰ ਲੈ ਕੇ ਹਾਂਗਕਾਂਗ, ਸ਼ੰਘਾਈ, ਚੀਨ ਤੋਂ ਰਵਾਨਾ ਹੋ ਕੇ ਯੋਕੋਹਾਮਾ, ਜਪਾਨ ਵਿੱਚੋਂ ਲੰਘਦਿਆਂ ਹੋਇਆਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵੱਲ ਗਿਆ। ਇਹਨਾਂ ਵਿੱਚੋਂ 24 ਨੂੰ ਕੈਨੇਡਾ ਵਿੱਚ ਦਾਖ਼ਲਾ ਦੇ ਦਿੱਤਾ ਗਿਆ ਜਦਕਿ ਬਾਕੀ 352 ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ ਉੱਤੇ ਉੱਤਰਨ ਨਾ ਦਿੱਤਾ ਗਿਆ ਅਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜ਼ਬੂਰ ਕੀਤਾ ਗਿਆ। ਮੁਸਾਫ਼ਰਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ ਜੋ ਸਭ ਬਰਤਾਨਵੀ ਰਾਜ ਅਧੀਨ ਸਨ। ਇਹ ਮੂਹਰਲੀ 20ਵੀਂ ਸਦੀ ਦੇ ਇਤਿਹਾਸ ਦੇ ਉਹਨਾਂ ਕਈ ਬਿਰਤਾਂਤਾਂ ‘ਚੋਂ ਇੱਕ ਹੈ ਜਿਸ ਵਿੱਚ ਕੈਨੇਡਾ ਅਤੇ ਸੰਯੁਕਤ ਰਾਜ ਵਿੱਚ ਉਲੀਕੇ ਗਏ ਅਲਿਹਦਗੀ-ਪਸੰਦ ਕਨੂੰਨਾਂ ਦੇ ਅਧਾਰ ਉੱਤੇ ਸਿਰਫ਼ ਏਸ਼ੀਆਈ ਪ੍ਰਵਾਸੀਆਂ ਨੂੰ ਇਸ ਧਰਤੀ ਤੋਂ ਬਾਹਰ ਰੱਖਿਆ ਜਾਂਦਾ ਸੀ।

ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ ਨੇ ਇੱਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ਉੱਤੇ ਲੈ ਲਿਆ ਤਾਂ ਜੋ ਕਾਨੂੰਨੀ ਅੜਚਣ ਨੂੰ ਦੂਰ ਕੀਤਾ ਜਾ ਸਕੇ। ਇਹ ਜਹਾਜ਼ 29 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ ਪਰ ਰਸਤੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਿਆ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫ਼ਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿੱਤੀ। ਕਾਫ਼ੀ ਲੰਮੀ ਜਦੋ-ਜਹਿਦ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਡੱਟ ਗਏ। ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਉੱਤੇ ਫ਼ਾਇਰਿੰਗ ਕਰਨ ਦੀ ਧਮਕੀ ਦਿੱਤੀ। ਇਸ ਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨਨਾਮੇ ਤੋਂ ਸਰਕਾਰ ਡਰ ਗਈ| ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ। ਜਹਾਜ਼ ਵਿਚਲੇ ਸਿੱਖ ਵੀ ਇੱਕ ਹੋਰ ਨਵੇਂ ਬਣੇ ਕਾਨੂੰਨ ਦੀ ਚਾਲਾਕੀ ਵਿਰੁਧ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ। ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਤੇ ਖਾਣ-ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿਤੀ। ਅਖ਼ੀਰ 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ। ਦੋ ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ। ਉਥੇ ਇਸ ਦੀ ਪੂਰੀ ਤਲਾਸ਼ੀ ਲਈ ਗਈ। 29 ਸਤੰਬਰ 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ ਬਜਬਜ ਘਾਟ ਪਹੁੰਚਿਆ ਤਾਂ ਇੱਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਉਥੋਂ ਪੰਜਾਬ ਲਿਜਾਣ ਵਾਸਤੇ ਅੱਗੇ ਖੜੀ ਸੀ। ਮੁਸਾਫ਼ਰਾਂ ਨੇ ਇਸ ਵਿੱਚ ਬੈਠਣ ਤੋਂ ਨਾਂਹ ਕਰ ਦਿਤੀ ਅਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਕਲਕੱਤਾ ਦੇ ਬੜਾ ਬਾਜ਼ਾਰ ਵਾਲੇ ਗੁਰਦਵਾਰੇ ਵਲ ਜਲੂਸ ਬਣਾ ਕੇ ਤੁਰ ਪਏ। ਇਸ ਉੱਤੇ ਪੁਲਿਸ ਨੇ ਮੁਸਾਫ਼ਰਾਂ ਉੱਤੇ ਗੋਲੀ ਚਲਾ ਦਿੱਤੀ। ਇਸ ਫ਼ਾਇਰਿੰਗ ਵਿੱਚ 15 ਮੁਸਾਫ਼ਰ ਮਾਰੇ ਗਏ। ਮਗਰੋਂ ਪੁਲਿਸ ਨੇ ਮੁਸਾਫ਼ਰਾਂ ਨੂੰ ਗਿ੍ਫ਼ਤਾਰ ਕਰ ਲਿਆ। ਇਸ ਦੌਰਾਨ ਬਾਬਾ ਗੁਰਦਿੱਤ ਸਿੰਘ ਸਣੇ 30 ਸਿੱਖ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਕਾਮਾਗਾਟਾਮਾਰੂ ਜਹਾਜ਼ ਦੇ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ।

ਅੰਗਰੇਜ਼ਾਂ ਨੇ ਸਿੱਖਾਂ ਵਿਰੁਧ ਪੁਲਿਸ ਤੇ ਖ਼ੁਫ਼ੀਆ ਮਹਿਕਮੇ ਵਿੱਚ ਇੱਕ ਸੈੱਲ ਕਾਇਮ ਕੀਤਾ ਹੋਇਆ ਸੀ ਜਿਸ ਦਾ ਇੰਚਾਰਜ ਇੱਕ ਅੰਗਰੇਜ਼ ਹਾਪਕਿਨਸਨ ਸੀ ਜੋ ਇੰਟੈਲੀਜੈਂਸ ਮਹਿਕਮੇ ਦਾ ਇੱਕ ਅਫ਼ਸਰ ਸੀ। ਉਸ ਨੇ ਬੇਲਾ ਸਿੰਘ ਜਿਆਣ ਤੇ ਇਕ-ਦੋ ਹੋਰ ਪੰਜਾਬੀ ਅਪਣੇ ਏਜੰਟ ਬਣਾਏ ਹੋਏ ਸਨ। 21 ਅਕਤੂਬਰ 1914 ਦੇ ਦਿਨ ਜਦ ਹਾਪਕਿਨਸਨ ਅਦਾਲਤ ਵਿੱਚ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਵਾਸਤੇ ਪੁੱਜਾ ਹੋਇਆ ਸੀ ਤਾਂ ਮੇਵਾ ਸਿੰਘ ਨੇ ਉਸ ਨੂੰ ਉਥੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ। ਮੇਵਾ ਸਿੰਘ ਨੂੰ 11 ਜਨਵਰੀ 1915 ਦੇ ਦਿਨ ਫਾਂਸੀ ਦਿੱਤੀ ਗਈ।

ਸੰਨ 1952 ‘ਚ ਭਾਰਤ ਸਰਕਾਰ ਨੇ ਕਾਨਾਗਾਟਾਮਾਰੂ ਦੇ ਸ਼ਹੀਦਾਂ ਦੀ ਕਲਕੱਤਾ ‘ਚ ਯਾਦਗਾਰ ਸਥਾਪਤ ਕੀਤੀ। ਇਸ ਦਾ ਉਦਘਾਟਨ ਉਸ ਸਮੇਂ ਦੇ ਫ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਕੀਤਾ ਗਿਆ। ਇਸ ਯਾਦਗਾਰ ਨੂੰ ਸਥਾਨਕ ਲੋਕ ਪੰਜਾਬੀ ਯਾਦਗਾਰ ਵਜੋਂ ਜਾਣਦੇ ਹਨ। ਸਾਲ 2014 ‘ਚ ਭਾਰਤੀ ਸਰਕਾਰ ਨੇ ਕਾਮਾਗਾਟਾਮਾਰੂ ਦੁਖਾਂਤ ਦੀ ਯਾਦ ਵਿੱਚ 5 ਰੁਪਏ ਅਤੇ 100 ਰੁਪਏ ਦੇ ਦੋ ਖਾਸ ਸਿੱਕੇ ਜਾਰੀ ਕੀਤੇ।

ਵੈਨਕੂਵਰ, ਕਨੇਡਾ ‘ਚ ਜੁਲਾਈ 1989 ਨੂੰ ਕਾਮਾਗਾਟਾਮਾਰੂ ਦੀ 75ਵੀਂ ਵਰ੍ਹੇਗੰਡ ‘ਤੇ ‘ਡਿਪਰਟਚਰ ਆਫ ਕਾਮਾਗਾਟਾਮਾਰੂ’ ਸਿੱਖ ਗੁਰਦੁਆਰਾ, ਵੈਨਕੂਵਰ ਵਿਖੇ ਇੱਕ ਯਾਦਗਾਰ ਸਥਾਪਤ ਕੀਤੀ ਗਈ। ਇਸ ਉਪਰੰਤ 80ਵੀਂ ਵਰ੍ਹੇਗੰਡ ਮੌਕੇ ‘ਅਰਾਈਵਲ ਆਫ਼ ਕਾਮਾਗਾਟਾਮਾਰੂ’ ਸੰਨ 1994 ‘ਚ ਵੈਨਕੂਵਰ ਦੀ ਬੰਦਰਗਾਹ ‘ਤੇ ਸਥਾਪਤ ਕੀਤੀ ਗਈ। ਸੰਨ ਜੁਲਾਈ 2012 ‘ਚ ਕਾਮਾਗਾਟਾਮਾਰੂ ਦੁਖਾਂਤ ਦੀ ਯਾਦ ‘ਚ ਵੈਨਕੂਵਰ ਕੰਨਵੈਂਸ਼ਨ ਸੈਂਟਰ ਵੈਸਟ ਬਿਲਡਿੰਗ ਵਿਖੇ ਯਾਦਗਾਰ ਸਥਾਪਿਤ ਕੀਤੀ ਗਈ। 100ਵੀ ਵਰ੍ਹੇਗੰਡ ਮੌਕੇ ਕਨੇਡਾ ਨੇ ਮਈ 2014 ‘ਚ ਅਰਾਈਵਲ ਆਫ ਕਾਮਾਗਾਰਾਮਾਰੂ ਦੀ ਸਟੈਂਪ ਜਾਰੀ ਕੀਤੀ ਗਈ ਸੀ। ਜੂਨ 2012 ‘ਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਰੌਸ ਸਟ੍ਰੀਟ ਟੈਂਪਲ ਵਿਖੇ  ਮਿਊਂਜੀਅਮ ਖੋਲ੍ਹਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਕਨੇਡੀਅਨ ਸਰਕਾਰ ਵੱਲੋਂ ਉੱਥੋਂ ਦੀ ਪਾਰਲੀਮੈਂਟ ‘ਚ ਇਸ ਦੁਖਾਂਤ ‘ਤੇ ਮੁਆਫੀ ਮਗੀ ਗਈ ਸੀ।

ਜ਼ਿਕਰਯੋਗ ਹੈ ਕਿ 22 ਜੂਨ ‘ਚ ਬਰਮਪਟਨ ਸ਼ਹਿਰ ‘ਚ ‘ਕਾਮਾਗਾਟਾਮਾਰੂ ਪਾਰਕ’ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਦਿਨ ਸ਼ਨੀਵਾਰ 22 ਜੂਨ ਨੂੰ ਸਵੇਰੇ 11 ਵਜੇ ਤੋਂ 11:30 ਵਿਚਕਾਰ ਕੀਤਾ ਜਾਵੇਗਾ। ਜਿਸ ‘ਚ ਬਰਮਪਟਨ ਦੇ ਮੇਅਰ ਅਤੇ ਮੈਂਬਰ ਆਫ਼ ਕੌਂਸਲ ਭਾਸ਼ਣ ਦੇਣਗੇ ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਜਾਵੇਗੀ।