ਕੇਜਰੀਵਾਲ ਦੀ ਮੁਆਫੀ ਤੋਂ ਹੈਰਾਨ : ਖਹਿਰਾ

0
547

ਜਲੰਧਰ  – ਅਸੀਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਬੈਠੇ ਸੀਨੀਅਰ ਆਗੂ ਵਲੋਂ ਮੰਗੀ ਇਸ ਮੁਆਫੀ ਤੋਂ ਹੈਰਾਨ ਹਾਂ। ਸਾਨੂੰ ਇਹ ਦੱਸਣ ਵਿਚ ਜ਼ਰਾ ਵੀ ਸੰਕੋਚ ਨਹੀਂ ਕਿ ਅਰਵਿੰਦ ਕੇਜਰੀਵਾਲ ਨੇ ਇਸ ਮੁਆਫੀ ਦੀ ਕਾਰਵਾਈ ਤੋਂ ਪਹਿਲਾਂ ਸਾਡੇ ਕੋਲੋਂ ਕੋਈ ਰਾਏ ਨਹੀਂ ਲਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੜੇ ਨਾਰਾਜ਼ਗੀ ਤੇ ਗੁੱਸੇ ਭਰੇ ਲਹਿਜੇ ਵਿਚ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਾਂਗੇ।

 ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਦੀ ਮੁਆਫੀ ਦੇ ਸਮੇਂ ਨੂੰ ਲੈ ਕੇ ਵੀ ਸ਼ੱਕ ਹੈ। ਅਰਵਿੰਦ ਕੇਜਰੀਵਾਲ ਨੇ ਅਜਿਹੇ ਸਮੇਂ ਵਿਚ ਮੁਆਫੀ ਮੰਗੀ ਹੈ, ਜਦੋਂ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਹਾਈ ਕੋਰਟ ਵਿਚ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ੇ ਦੇ ਮਾਮਲੇ ਵਿਚ ਪੁਖਤਾ ਸਬੂਤ ਹਨ।  ਇਸ ਬਾਰੇ ਪਾਰਟੀ ਦੇ ਹੀ ਵਿਧਾਇਕ ਕੰਵਰ ਸਿੰਘ ਸੰਧੂ  ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਕੋਲੋਂ ਮੰਗੀ ਗਈ ਮੁਆਫੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। ਮੈਂ ਪੰਜਾਬ ਦੇ ਕੇਬਲ ਮਾਫੀਆ ਵਲੋਂ  ਦਾਇਰ ਕੀਤੇ ਗਏ ਕੇਸਾਂ ਦਾ ਅਜੇ ਤੱਕ ਸਾਹਮਣਾ ਕਰ ਰਿਹਾ ਹਾਂ ਤੇ ਅਸੀਂ ਇਹ ਲੜਾਈ ਅੰਤ ਤੱਕ ਜਾਰੀ ਰੱਖਾਂਗੇ।
ਕੀ ਹੁਣ ਜੇਤਲੀ ਮਾਮਲੇ ‘ਚ ਵੀ ਮੰਗਣਗੇ ਮੁਆਫੀ!
ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਕੋਲੋਂ ਮਾਣਹਾਨੀ ਮਾਮਲੇ ਵਿਚ ਮੁਆਫੀ ਮੰਗਣ ਤੋਂ ਬਾਅਦ ਹੁਣ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਕੇਜਰੀਵਾਲ ਖਿਲਾਫ ਕੀਤੇ ਗਏ ਮਾਣਹਾਨੀ ਦੇ ਮਾਮਲੇ ਵਿਚ ਵੀ ਕੇਜਰੀਵਾਲ ਦੇ ਨਰਮ ਪੈਣ ਦੇ ਸੰਕੇਤ ਮਿਲ ਗਏ ਹਨ। ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਕ ਇਸ ਤਰ੍ਹਾਂ ਦੇ ਮਾਮਲਿਆਂ ਕਾਰਨ ਕੇਜਰੀਵਾਲ ਨੂੰ ਨਿੱਜੀ ਤੌਰ ‘ਤੇ ਅਦਾਲਤ ਵਿਚ ਪੇਸ਼ ਹੋਣਾ ਪੈ ਰਿਹਾ ਹੈ, ਜਿਸ ਕਾਰਨ ਸਰਕਾਰ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਲਿਹਾਜ਼ਾ ਅਰੁਣ ਜੇਤਲੀ ਵੱਲੋਂ ਦਾਇਰ ਕੀਤੇ ਗਏ ਮਾਮਲੇ ‘ਚ ਵੀ ਅਗਲੇ ਕੁਝ ਦਿਨਾਂ ਵਿਚ ਆਪਣੀ ਲੀਗਲ ਟੀਮ ਦੀ ਸਲਾਹ ਤੋਂ ਬਾਅਦ ਕੇਜਰੀਵਾਲ ਨਰਮ ਰੁਖ਼ ਅਖਤਿਆਰ ਕਰ ਸਕਦੇ ਹਨ।