ਅਫ਼ਸਰ ਨੇ ਵੀ ਚੁੱਕੀ ਰਾਮ ਮੰਦਰ ਬਣਾਉਣ ਦੀ ਸਹੁੰ

0
282

ਲਖਨਊ: ਪਿਛਲੇ 25 ਸਾਲ ਤੋਂ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਲੀਡਰ ਤੇ ਧਾਰਮਿਕ ਜਥੇਬੰਦੀਆਂ ਦੇ ਮੈਂਬਰ ਕਸਮਾਂ ਖਾ ਰਹੇ ਹਨ। ਹੁਣ ਇਸ ਲਿਸਟ ਵਿੱਚ ਉੱਤਰ ਪ੍ਰਦੇਸ਼ ਦੇ ਆਈਪੀਐਸ ਅਧਿਕਾਰੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਯੂਪੀ ਦੇ ਡੀਜੀ ਹੋਮਗਾਰਡ ਸੂਰਿਆ ਕੁਮਾਰ ਸ਼ੁਕਲਾ ਧਾਰਮਿਕ ਜਥੇਬੰਦੀ ਦੇ ਲੋਕਾਂ ਨਾਲ ਮਿਲ ਕੇ ਕਸਮ ਖਾ ਰਹੇ ਹਨ ਕਿ ਰਾਮ ਮੰਦਰ ਉੱਥੇ ਹੀ ਬਣੇਗਾ।

ਵੀਰਵਾਰ ਨੂੰ ਲਖਨਊ ਯੂਨੀਵਰਸਿਟੀ ਵਿੱਚ ਹੋਏ ਪ੍ਰੋਗਰਾਮ ਵਿੱਚ ਸੂਰਿਆ ਕੁਮਾਰ ਨੇ ਹਿੰਦੂ ਜਥੇਬੰਦੀ ਦੇ ਲੋਕਾਂ ਨਾਲ ਮਿਲ ਕੇ ਰਾਮ ਮੰਦਰ ਬਣਾਉਣ ਦੀ ਸਹੁੰ ਚੁੱਕੀ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਡੀਜੀ ਸਾਧੂਆਂ ਤੇ ਹੋਰ ਲੋਕਾਂ ਨਾਲ ਮਿਲ ਕੇ ਹੱਥ ਸਾਹਮਣੇ ਕਰਕੇ ਰਾਮ ਮੰਦਰ ਬਣਾਉਣ ਦੀ ਸਹੁੰ ਲੈ ਰਹੇ ਹਨ।

ਇਸ ਦੌਰਾਨ ਸਾਰੇ ਕਹਿ ਰਹੇ ਹਨ, “ਅਸੀਂ ਰਾਮ ਭਗਤ ਅੱਜ ਇਸ ਪ੍ਰੋਗਰਾਮ ਦੌਰਾਨ ਇਹ ਸੰਕਲਪ ਲੈਂਦੇ ਹਾਂ ਕਿ ਜਲਦ ਤੋਂ ਜਲਦ ਰਾਮ ਮੰਦਰ ਦੀ ਉਸਾਰੀ ਹੋਵੇਗੀ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।” ਸ਼ੁਕਲਾ ਦੀ ਅਜਿਹੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚਾਰੇ ਪਾਸੇ ਵਿਰੋਧ ਸ਼ੁਰੂ ਹੋ ਗਿਆ ਹੈ। ਸ਼ੁਕਲਾ 1982 ਬੈਚ ਦੇ ਆਈਪੀਐਸ ਅਫ਼ਸਰ ਹਨ। ਉਹ ਯੂਪੀ ਦੇ ਡੀਜੀਪੀ ਦੀ ਦੌੜ ਵਿੱਚ ਵੀ ਸ਼ਾਮਲ ਸਨ।