ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾਇਆ

0
565

ਟੋਕੀਓ: ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਮੇਜ਼ਬਾਨ ਜਾਪਾਨ ਨੂੰ ਸੰਘਰਸ਼ਪੂਰਨ ਮੈਚ ਵਿੱਚ 2-1 ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਓਆਈ ਹਾਕੀ ਸਟੇਡੀਅਮ ਵਿੱਚ ਵਿਸ਼ਵ ਵਿੱਚ ਦਸਵੇਂ ਨੰਬਰ ਦੀ ਭਾਰਤੀ ਟੀਮ ਵੱਲੋਂ ਨਵਜੌਤ ਕੌਰ ਨੇ 11ਵੇਂ, ਲਾਲਰੇਮਸਿਆਮੀ ਨੇ 33ਵੇਂ ਮਿੰਟ ਵਿੱਚ ਗੋਲ ਦਾਗ਼ੇ। ਜਾਪਾਨ ਵੱਲੋਂ ਇਕਲੌਤਾ ਗੋਲ ਮਿਨਾਮੀ ਸ਼ਿਮਿਜ਼ੁ ਨੇ 12ਵੇਂ ਮਿੰਟ ਵਿੱਚ ਕੀਤਾ। ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਨੇ ਹਮਲਾਵਰ ਰਵੱਈਆ ਅਪਣਾਇਆ। ਪਹਿਲੇ ਦਸ ਮਿੰਟ ਵਿੱਚ ਭਾਰਤ ਦਾ ਦਬਦਬਾ ਰਿਹਾ ਅਤੇ ਉਸ ਨੂੰ 11ਵੇਂ ਮਿੰਟ ਵਿੱਚ ਇਸ ਦਾ ਫ਼ਾਇਦਾ ਵੀ ਮਿਲਿਆ, ਜਦੋਂ ਇੱਕ ਬਿਹਤਰੀਨ ਮੌਕੇ ਨੂੰ ਨਵਜੋਤ ਨੇ ਗੋਲ ਵਿੱਚ ਬਦਲ ਦਿੱਤਾ। ਭਾਰਤ ਦੀ ਖ਼ੁਸ਼ੀ ਜ਼ਿਆਦਾ ਦੇਰ ਤੱਕ ਨਹੀਂ ਰਹੀ ਅਤੇ ਮੇਜ਼ਬਾਨ ਟੀਮ ਨੇ ਜਵਾਬੀ ਹਮਲਾ ਕਰਕੇ ਅਗਲੇ ਮਿੰਟ ਵਿੱਚ ਬਰਾਬਰੀ ਦਾ ਗੋਲ ਦਾਗ਼ਿਆ। ਦੂਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਨੇ ਆਪਣੇ ਡਿਫੈਂਸ ’ਤੇ ਧਿਆਨ ਦਿੱਤਾ। ਦੋਵਾਂ ਟੀਮਾਂ ਨੇ ਕੁੱਝ ਮੌਕੇ ਬਣਾਏ, ਪਰ ਉਹ ਗੋਲ ਕਰਨ ਵਿੱਚ ਅਸਫਲ ਰਹੇ। ਇਸ ਨਾਲ ਮੈਚ ਅੱਧ ਤੱਕ ਸਕੋਰ 1-1 ਨਾਲ ਬਰਾਬਰੀ ’ਤੇ ਰਿਹਾ। ਹਾਫ਼ ਮਗਰੋਂ ਭਾਰਤ ਨੇ ਹਮਲਾਵਰ ਰੁਖ਼ ਅਪਣਾਉਂਦਿਆਂ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕੀਤਾ। ਭਾਰਤੀ ਡਰੈਗ ਫਲਿੱਕਰ ਗੁਰਜੀਤ ਕੌਰ ਦਾ ਸ਼ਾਟ ਜਾਪਾਨੀ ਗੋਲਕੀਪਰ ਮੇਗੁਮੀ ਕਾਗੇਯਾਮਾ ਨੇ ਬਚਾ ਲਿਆ, ਪਰ ਲਾਲਰੇਮਸਿਆਮੀ ਰੀਬਾਊਂਡ ’ਤੇ ਗੋਲ ਦਾਗ਼ਣ ਵਿੱਚ ਸਫਲ ਰਹੀ। ਜਾਪਾਨ ਨੂੰ ਵੀ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਭਾਰਤੀ ਡਿਫੈਂਡਰਾਂ ਨੇ ਉਸ ਦਾ ਬਚਾਅ ਕਰਕੇ ਭਾਰਤ ਦੀ ਲੀਡ ਕਾਇਮ ਰੱਖੀ। ਭਾਰਤ ਨੂੰ 45ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਇਸ ’ਤੇ ਉਹ ਗੋਲ ਨਹੀਂ ਕਰ ਸਕਿਆ। ਭਾਰਤ ਆਖ਼ਰੀ ਕੁਆਰਟਰ ਵਿੱਚ ਗੋਲ ਬਚਾਉਣ ਵਿੱਚ ਲੱਗਿਆ ਰਿਹਾ ਅਤੇ ਇਸ ਵਿੱਚ ਉਹ ਸਫਲ ਵੀ ਰਿਹਾ। ਜਾਪਾਨ ਨੂੰ ਆਖ਼ਰੀ ਪਲਾਂ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਗੋਲਕੀਪਰ ਸਵਿਤਾ ਨੇ ਦੋਵਾਂ ਮੌਕਿਆਂ ਦਾ ਚੰਗਾ ਤਰ੍ਹਾਂ ਬਚਾਅ ਕੀਤਾ।