ਵਿਸਰੀ ਲੋਕ ਕਲਾ ‘ਓਟਾ’

0
326

ਪੰਜਾਬ ਦੀ ਪਰੰਪਰਾਵਾਦੀ ਲੋਕ-ਕਲਾ ਦੇ ਨਮੂਨੇ ਦੂਰ-ਦੁਰੇਡੇ ਦੇ ਪਿੰਡਾਂ ਵਿਚ ਬਣੇ ਕੱਚੇ ਘਰਾਂ ਦੀਆਂ ਕੰਧਾਂ ਉੱਤੇ ਕਿਤੇ ਕਿਤੇ ਹਾਲੇ ਵੀ ਨਜ਼ਰ ਆ ਜਾਂਦੇ ਹਨ, ਜਿਨ੍ਹਾਂ ਨੂੰ ਢਾਹ ਕੇ ਇੱਟਾਂ ਨਾਲ ਪੱਕੀ ਉਸਾਰੀ ਕਰਵਾਉਣ ਦਾ ਕੰਮ ਮਾਇਕ ਔਕੜਾਂ ਕਾਰਨ ਥਿੜਕਿਆ ਹੋਇਆ ਹੈ। ਅਜਿਹੀ ਵਿਸ਼ੇਸ਼ ਕੰਧ ਜਿਸ ਉੱਤੇ ਮਿੱਟੀ ਨਾਲ ਲੋਕ-ਕਲਾ ਦੇ ਵਿਭਿੰਨ ਨਮੂਨਿਆਂ ਦੀ ਬਹੁਤੀ ਰਚਨਾ ਕੀਤੀ ਜਾਂਦੀ ਸੀ, ਉਹ ਚੁੱਲ੍ਹੇ, ਚੌਂਕੇ ਦੀ ਕੰਧ ਹੁੰਦੀ ਸੀ, ਜਿਸ ਨੂੰ ਓਟਾ ਆਖਦੇ ਸਨ। ਪੁਰਾਣੇ ਸਮੇਂ ਵਿਚ ਰਸੋਈ ਆਮ ਤੌਰ ’ਤੇ ਪਿੰਡਾਂ ਦੇ ਘਰਾਂ ਦੇ ਖੁੱਲ੍ਹੇ ਵਿਹੜੇ ਦੇ ਇਕ ਕੋਨੇ ਵਿਚ ਹੁੰਦੀ ਸੀ ਅਤੇ ਰਸੋਈ ਦਾ ਕੰਮ ਨਿਪਟਾਉਣ ਲਈ ਚੁੱਲ੍ਹੇ ਦੇ ਆਸੇ-ਪਾਸੇ ਤਿੰਨ-ਚਾਰ ਫੁੱਟ ਜਾਂ ਇਸ ਤੋਂ ਵੀ ਹੋਰ ਉੱਚੀ ਕੱਚੀਆਂ ਇੱਟਾਂ ਦੀ ਕੰਧ ਉਸਾਰੀ ਜਾਂਦੀ ਸੀ ਤਾਂ ਜੋ ਕੰਮ ਕਰਦੀਆਂ ਨਾਰੀਆਂ ਦਾ ਓਹਲਾ ਬਣਿਆ ਰਹੇ। ਇਸੇ ਲਈ ਇਸ ਕੰਧ ਨੂੰ ਓਟਾ ਆਖਦੇ ਸਨ, ਜਿਸ ਦਾ ਅਰਥ ਓਹਲਾ ਜਾਂ ਪਰਦਾ ਕਰਨਾ ਹੈ। ਓਟੇ ਦੀ ਉਸਾਰੀ ਲਈ ਪਿੰਡ ਦੇ ਟੋਭੇ ਵਿੱਚੋਂ ਕੱਢ ਕੇ ਲਿਆਂਦੀ ਚੀਕਣੀ ਮਿੱਟੀ ਦਾ ਬਹੁਤ ਪ੍ਰਯੋਗ ਕੀਤਾ ਜਾਂਦਾ ਸੀ। ਕੱਚੀਆਂ ਇੱਟਾਂ ਦੀ ਚਿਣਾਈ ਕਰਦੇ ਸਮੇਂ ਵਿਚਕਾਰ ਮੋਰੀਆਂ ਰੱਖ ਕੇ ਓਟੇ ਨੂੰ ਹਵਾਦਾਰ ਰੱਖਿਆ ਜਾਂਦਾ ਸੀ। ਓਟੇ ਦੇ ਬਾਹਰਲੇ ਭਾਗ ਨੂੰ ਫੁੱਲ, ਵੇਲ ਬੂਟੇ, ਤੋਤੇ, ਮੋਰ, ਕਬੂਤਰ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਆਕ੍ਰਿਤੀਆਂ ਨਾਲ ਸ਼ਿੰਗਾਰਿਆ ਜਾਂਦਾ ਸੀ। ਓਟੇ ਦੀ ਇਸ ਸਜਾਵਟ ਵਿਚ ਵਿਭਿੰਨ ਪ੍ਰਕਾਰ ਦੀਆਂ ਕਲਪਿਤ ਰੇਖਾ ਗਣਿਤ ਆਕ੍ਰਿਤੀਆਂ ਦੀ ਰਚਨਾ ਵੀ ਕੀਤੀ ਜਾਂਦੀ ਸੀ ਜਿਵੇਂ ਕਿ ਇੱਥੇ ਪ੍ਰਕਾਸ਼ਿਤ ਫੋਟੋ ਵਿਚ ਨਜ਼ਰ ਆ ਰਹੀ ਹੈ, ਜੋ ਜ਼ਿਲ੍ਹਾ ਫਿਰੋਜ਼ਪੁਰ ਵਿਚ ਮਮਦੋਟ ਦੇ ਨੇੜੇ ਦੇ ਇਕ ਪਿੰਡ ਦੇ ਘਰ ਵਿਚੋਂ ਲੇਖਕ ਨੇ ਸੰਨ 1971 ਵਿਚ ਖਿੱਚੀ ਸੀ। ਹੁਣ ਇਹ ਲਗਪਗ ਖ਼ਤਮ ਹੋ ਗਈ ਹੈ ਤੇ ਇਸ ਲੋਕ-ਗੀਤ ਦੀ ਯਾਦ ਤਾਜ਼ਾ ਕਰਵਾਉਂਦੀ ਹੈ:
ਨਾ ਅੱਗ ਬਲਦੀ ਚੁੱਲ੍ਹੇ ਦੇ ਵਿੱਚ,
ਨਾ ਰਿੜਕੇ ਕੋਈ ਮਧਾਣੀ
ਭੁੱਲ ਗਏ ਲੋਕ ਬਹਿ ਪੀੜ੍ਹੀ ਉੱਤੇ,
ਚੁੱਲ੍ਹੇ ਮੂਹਰੇ ਰੋਟੀ ਖਾਣੀ।
ਡਾ. ਕੰਵਰਜੀਤ ਸਿੰਘ ਕੰਗ : ਸੰਪਰਕ: 98728-33604