ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ 25 ਸ਼ਹਿਰਾਂ ’ਚ ਅੰਮ੍ਰਿਤਸਰ ਵੀ ਸ਼ਾਮਲ

0
455

ਚੰਡੀਗੜ੍ਹ : –ਪੰਜਾਬ ਦੀ ਹਰਿਆਲੀ ’ਤੇ ਏਨੀ ਤੇਜ਼ੀ ਨਾਲ ਕੁਹਾੜਾ ਚੱਲਿਆ ਹੈ ਕਿ ਸੂਬੇ ਦੇ ਚਾਰ ਪ੍ਰਮੁੱਖ ਸ਼ਹਿਰ ਸੰਸਾਰ ਦੇ 25 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਵਿੱਚ ਪ੍ਰਦੂਸ਼ਣ ਲਗਾਤਾਰ ਵਧਣ ਨਾਲ ਰੋਜ਼ਾਨਾ 20 ਪੰਜਾਬੀ ਕੈਂਸਰ ਵਰਗੀਆਂ ਮਾਰੂ ਬਿਮਾਰੀ ਦੀ ਜਕੜ ਵਿੱਚ ਆ ਰਹੇ ਹਨ।
ਗ਼ੈਰ-ਸਰਕਾਰੀ ਸੰਸਥਾ ‘ਈਕੋ ਸਿੱਖ’ ਵੱਲੋਂ ਅੱਜ ਇੱਥੇ ਪੇਸ਼ ਅੰਕੜਿਆਂ ਮੁਤਾਬਕ 2011 ਤੋਂ 2016 ਤੱਕ 9 ਲੱਖ ਰੁੱਖ ਵੱਢੇ ਗਏ ਹਨ। ਸਾਲ 2017 ਦੇ ਜਨਵਰੀ ਮਹੀਨੇ ਤੋਂ ਅਗਸਤ ਤੱਕ ਹੀ ਇਕ ਲੱਖ 25 ਹਜ਼ਾਰ ਰੁੱਖਾਂ ’ਤੇ ਕੁਹਾੜਾ ਚੱਲਿਆ। 2013 ਤੱਕ ਪੰਜਾਬ ਦਾ ਜੰਗਲਾਤ ਖੇਤਰ ਸੁੰਘੜ ਕੇ 3.8 ਫ਼ੀਸਦੀ ਰਹਿ ਗਿਆ ਹੈ। ‘ਈਕੋ ਸਿੱਖ’ ਦੇ ਪ੍ਰਾਜੈਕਟ ਪ੍ਰਬੰਧਕ ਰਵਨੀਤ ਸਿੰਘ ਮੁਤਾਬਕ ਸਾਫ਼-ਸੁਥਰੀ ਹਵਾ ਵਿੱਚ ਸਾਹ ਲੈਣ ਵਾਸਤੇ ਇਕ ਸ਼ਹਿਰ ਦਾ ਜੰਗਲਾਤ ਏਰੀਆ ਲਗਪਗ 13 ਫ਼ੀਸਦੀ ਹੋਣਾ ਚਾਹੀਦਾ ਹੈ, ਜਦੋਂਕਿ ਪੰਜਾਬ ਦਾ ਪੂਰਾ ਜੰਗਲਾਤ ਖੇਤਰ ਹੀ 3.8 ਫ਼ੀਸਦੀ ਹੈ। ਸੰਸਥਾ ਵੱਲੋਂ ਪੇਸ਼ ਅੰਕੜਿਆਂ ਮੁਤਾਬਕ ਪੰਜਾਬ ਦੇ ਚਾਰ ਪ੍ਰਮੁੱਖ ਸ਼ਹਿਰ ਦੁਨੀਆਂ ਦੇ ਚਾਰ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਕਤਾਰ ਵਿੱਚ ਖੜ੍ਹੇ ਹੋ ਗਏ ਹਨ। ‘ਈਕੋ ਸਿੱਖ’ ਮੁਤਾਬਕ ਲੁਧਿਆਣਾ, ਖੰਨਾ, ਗੋਬਿੰਦਗੜ੍ਹ ਅਤੇ ਅੰਮ੍ਰਿਤਸਰ ਦੁਨੀਆਂ ਦੇ ਚਾਰ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿੱਚ ਸ਼ਾਮਲ ਹਨ।
ਸੰਸਥਾ ਦੇ ਪ੍ਰਾਜੈਕਟ ਪ੍ਰਬੰਧਕ ਰਵਨੀਤ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਕੂੜੇ ਦੀ ਸੰਭਾਲ ਵਾਸਤੇ ਪੰਜਾਬ ’ਚ ਚਾਰ ਨਵੇਂ ਪ੍ਰਾਜੈਕਟ ਲਾਏ ਜਾਣੇ ਸਨ, ਪਰ ਸਿਰਫ਼ ਬਠਿੰਡਾ ਵਿੱਚ ਹੀ ਪਲਾਂਟ ਲਾਇਆ ਗਿਆ, ਜੋ ਹਫ਼ਤੇ ਮਗਰੋਂ ਬੰਦ ਹੋ ਗਿਆ। ਸੰਸਥਾ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਪਾਣੀ ਦਾ ਪੱਧਰ ਵੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ।
ਰਵਨੀਤ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਤਹਿਤ ਉਨ੍ਹਾਂ ਵੱਲੋਂ ਸੰਸਾਰ  ਭਰ ਵਿੱਚ 14 ਮਾਰਚ ਨੂੰ ਸਿੱਖ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਾਸਤੇ ਸੰਸਥਾ ਨੇ ਪੰਜਾਬੀ ਗੀਤ ‘ਕੁਦਰਤ’ ਵੀ ਰਿਲੀਜ਼ ਕੀਤਾ। ਇਸ ਮੌਕੇ ਈਕੋ ਸਿੱਖ ਦੀ ਪ੍ਰਧਾਨ ਸੁਪਰੀਤ ਕੌਰ, ਈਕੋ ਸਿੱਖ ਬੋਰਡ ਦੇ ਮੈਂਬਰ ਜਸਪ੍ਰੀਤ ਸਿੰਘ, ਗੀਤ ਦੇ ਗਾਇਕ ਹਰਮਿੰਦਰ ਸਿੰਘ ਤੇ ਗੀਤਕਾਰ ਕਰਨ ਲਾਹੌਰੀਆ ਵੀ ਹਾਜ਼ਰ ਸਨ।