ਆਧੁਨਿਕ ਯੁਗ ਦਾ ਸ਼ਾਹਕਾਰ ਡਾ ਜਰਨੈਲ ਸਿੰਘ ਆਨੰਦ ਦਾ ਮੈਗਾ-ਐਪਿਕ Lustus: ਦ ਪ੍ਰਿੰਸ ਆਫ਼ ਡਾਰਕਨੈੱਸ –ਪ੍ਰੋਫੈਸਰ ਬ੍ਰਹਮ ਜਗਦੀਸ਼ ਸਿੰਘ

0
249

ਜਾਨ ਮਿਲਟਨ ਦੁਆਰਾ ਰਚਿਤ ‘ਪੈਰਾਡਾਇਜ਼ ਲਾਸ੍ਟ’ ਨੇ ਕ੍ਰਿਸਚੀਅਨ ਸੰਸਾਰ ਤੇ ਰਾਜ ਕੀਤਾ ਹੈ. ਸ਼ੈਤਾਨ [Satan ] ਨੂੰ ਘਰ ਘਰ ਵਿਚ ਪੁਹੰਚਾਉਣ ਵਿਚ, ਨੇਕੀ ਬਦੀ ਦਾ ਅਹਿਸਾਸ ਕਰਨ ਵਿਚ ਇਸ ਮਹਾਂਕਾਵਿ ਦੀ ਉਤਨੀ ਹੀ ਭੂਮਿਕਾ ਹੈ ਜਿੰਨੀ ਕਿ ਬਾਈਬਲ ਦੀ. ਡਾਕ੍ਟਰ ਆਨੰਦ ਦੀ ਨਵ-ਰਚਿਤ ਪੁਸਤਕ ‘ਲਸਟਸ’ [Lustus ] : ਦ ਪ੍ਰਿੰਸ ਆਫ ਡਾਰਕਨੈੱਸ ‘ਪੈਰਾਡਾਈਸ ਲਾਸ੍ਟ’ ਜਿਹਾ ਹੀ ਇਕ ਮਹਾਂਕਾਵਿ [mega-epic] ਹੈ ਜੋ ਸ਼ੈਤਾਨ ਦੇ ਨਵੇਂ ਰੂਪ ਲਸਟਸ [Lustus ] ਦੀ ਵਿਸ਼ਾਲਤਾ ਅਤੇ ਵਿਕ੍ਰਾਲਤਾ ਦਾ ਨਿਰੂਪਣ ਕਰਦਾ ਹੈ. ਡਾ ਆਨੰਦ ਅਨੁਸਾਰ ਮਿਲ੍ਟਨ ਦਾ ਸ਼ੈਤਾਨ ਰਬ ਤੋਂ ਡਰਨ ਵਾਲਾ ਤੇ ਬੁਰਾਈ [Evil ] ਦਾ ਸੁਲਝਿਆ ਹੋਇਆ ਰੂਪ ਸੀ ਜਿਸਨੇ ਰਬ ਦੇ thunderbolt ਦੇਖੇ ਸਨ. ਉਹ ਬੁਰਾਈ ਵੀ ਛੁਪ ਛੁਪ ਕਰਦਾ ਸੀ. Eve ਨੂੰ ਵਰਗਲਾਉਣ ਲੱਗਿਆਂ ਵੀ ਉਸਨੇ ਇਕ ਸੱਪ ਦਾ ਰੂਪ ਧਾਰਿਆ ਤੇ ਉਸਦੇ ਸੁਪਨੇ ਵਿਚ ਪ੍ਰਵੇਸ਼ ਕਰਕੇ ਉਸਨੂੰ ਗਿਆਨ ਦਾ ਫਲ [Apple The Fruit of Knowledge ] ਖਾਣ ਲਈ ਉਕਸਾਇਆ. ਡਾ ਆਨੰਦ ਅਨੁਸਾਰ ਉਹ ਦੁਨੀਆਂ ਰਬ ਤੋਂ ਡਰਨ ਵਾਲੀ ਦੁਨੀਆਂ ਸੀ ਤੇ ਰਬ ਨੂੰ ਪ੍ਰੇਮ ਕਰਨ ਵਾਲੀ ਵੀ. ਪਰੰਤੂ ਸਾਡੀ ਅੱਜ ਦੀ ਦੁਨੀਆਂ ਉਸ ਦੁਨੀਆਂ ਤੋਂ ਪੂਰੀ ਤਰਾਂ ਭਿੰਨ ਹੈ. ਅੱਜ ਦਾ ਸ਼ੈਤਾਨ ਜਿਸਦਾ ਨਾਮਕਰਨ ‘Lustus ‘ ਕੀਤਾ ਗਿਆ ਹੈ, ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਦਾ ਮੁਜੱਸਮਾ ਹੈ. ਉਹ ਸ਼ੈਤਾਨੀਅਤ ਕਰਣ ਲਗਾ Satan ਦੀ ਤਰਾਂ ਸ਼ਰਮਾਉਂਦਾ ਨਹੀਂ. ਬਲਕਿ ਉਸਨੂੰ Evil ਦਾ Corporate ਕਿਹਾ ਗਿਆ ਹੈ. ਕਾਰੋਬਾਰ ਵੱਧ ਜਾਣ ਕਾਰਨ Satan ਆਪਣੇ ਇਸ ਨੌਜਵਾਨ cousin Lustus ਨੂੰ ਪ੍ਰਿੰਸ ਆਫ ਡਾਰਕਨੈੱਸ ਸਥਾਪਿਤ ਕਰਦਾ ਹੈ ਅਤੇ ਆਪਣੀ ਬੇਟੀ ਐਮੇਜਿਨਿਆ ਨੂੰ, ਜੋ ਕਿ ਇਕ ਬ੍ਯੂਟੀ ਕੁਈਨ ਹੈ ਅਤੇ ਆਕਸਫੋਰਡ ਤੋਂ Physical Chemistry ਵਿਚ ਡਾਕਟਰੇਟ ਹੈ, ਨੂੰ Lustus ਦੀ ਮੱਦਦ ਕਾਰਨ ਲਈ ਕਹਿੰਦਾ ਹੈ.
Lustus ਪ੍ਰੈਸ ਕਾਨਫਰੰਸ ਕਰਦਾ ਹੈ ਅਤੇ ਪੇਡ ਚੈਨਲਾਂ ਕਿਲਰ ਇੰਸਟਿੰਕਟ [Killer Instinct ] ਅਤੇ ਲਸ੍ਟ [Lust ] ਨੂੰ ਇੰਟਰਵਿਊ ਦਿੰਦਾ ਹੋਇਆ Ten Commandments ਜਾਰੀ ਕਰਦਾ ਹੈ. Lustus ਜਾਣਦਾ ਹੈ ਕਿ ਆਦਮ ਦੀ ਜ਼ਾਤ ਨੂੰ ਰਬ ਵਲੋਂ ਬੇਜ਼ਾਰ ਕਾਰਨ ਦਾ ਇਕੋ ਤਰੀਕਾ ਹੈ: ਉਸਦਾ ਮਾਨਸਿਕ ਸੰਤੁਲਨ ਹਿਲਾ ਦੇਣਾ ਤੇ ਇਸ ਲਈ ਉਹ ਸੈਕਸ ਦੀ ਰਾਸ਼ਨਿੰਗ ਕਰਦਾ ਹੈ. ਸ਼ਾਦੀ ਦੀ ਪ੍ਰੰਪਰਾ ਦੀ ਗੱਲ ਕਰਦਾ ਹੈ ਅਤੇ ਪਿਆਰ ਨੂੰ ਸ਼ੈਤਾਨ ਦੀ ਸਲਤਨਤ ਲਈ ਸਭ ਤੋਂ ਵੱਡਾ ਖ਼ਤਰਾ ਦੱਸਦਾ ਹੈ. ਇਸ ਤੋਂ ਇਲਾਵਾ ਉਸਦੀ ਯੋਜਨਾ ਹੈ ਕਿ ਹੋਮੋਵਿਦ ਵੈਕਸੀਨ [ homovid vaccine ] ਦੁਆਰਾ ਪਸ਼ੂਆਂ, ਪਰਿੰਦਿਆਂ, ਅਤੇ ਬੂਟਿਆਂ ਆਦਿ ਵਿਚ ਵੀ ਮਾਨਵੀ-ਬਿਰਤੀਆਂ ਦਾ ਸੰਚਾਰ ਕੀਤਾ ਜਾਵੇ ਤਾਂ ਕਿ ਮਨੁੱਖ ਨੂੰ ਕੁਝ ਵੀ ਫ੍ਰੀ ਨਾ ਮਿਲ ਸਕੇ.
Lustus ਦੀ ਤਿਆਰੀ ਦੇਖ ਦੇਵਤੇ ਘਬਰਾ ਜਾਂਦੇ ਹਨ. ਬ੍ਰਹਮਾ, ਵਿਸ਼ਨੂੰ ਅਤੇ ਇੰਦਰ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਮਾਤਲੋਕ ਤੇ ਭੇਜਦਾ ਹੈ. ਨਾਰਦ ਧਰਤੀ ਦਾ ਹਾਲ ਦੱਸਦਾ ਹੈ ਕਿ ਕਿਸ ਤਰਾਂ ਅਧਿਆਪਕ, ਪਾਲੀਟੀਸ਼ਿਨ ਟੈਕਨੋਕ੍ਰੇਟ੍ਸ ਐਡਵੋਕੇਟਸ ਤੇ ਸਮਾਜ ਦਾ ਹਰ ਵਰਗ ਹੀ Lustus ਦੀ ਆਰਮੀ ਵਿਚ ਸ਼ਾਮਿਲ ਹੈ. Lustus ਰਬ ਨੂੰ ਵੰਗਾਰਦਾ ਹੈ ਕਿ ਸਾਰੀ ਦੁਨੀਆ ਤਾਂ ਮੇਰੇ ਨਾਲ ਹੈ, ਤੇਰੇ ਨਾਲ ਕੌਣ ਹੈ? ਰਬ ਨੂੰ ਬਹੁਤ ਦੁੱਖ ਪਹੁੰਚਦਾ ਹੈ ਜਦ ਉਹ ਦੇਖਦਾ ਹੈ ਕਿ ਬਹੁਤ ਸਾਰੇ ਉਸਦੇ ਸੰਤ ਵੀ Lustus ਦੀ ਸੈਨਾ ਵਿਚ ਲਾਮਵੰਦ ਸਨ. ਰਬ ਉਸਨੂੰ ਮਹਾਭਾਰਤ ਦੀ ਯਾਦ ਦਿਲਾਉਂਦਾ ਹੈ ਕਿ ਪਾਂਡਵ ਪੰਜ ਹੀ ਸਨ ਫਿਰ ਵੀ ਲੱਖਾਂ ਕੌਰਵਾਂ ਤੇ ਓਹਨਾ ਵਿਜੈ ਪਾ ਲਈ ਸੀ. ਲੜਾਈ ਲੱਗ ਜਾਂਦੀ ਹੈ ਜਿਸ ਵਿਚ ਸ਼ੈਤਾਨ ਦੇਵਤਿਆਂ ਦੀ ਫੌਜ ਉਤੇ ਭਾਰੂ ਪੈਂਦੇ ਨਜ਼ਰ ਆਓਂਦੇ ਹਨ. ਰਬ ਵਲੋਂ ਸੰਧੀ ਦਾ ਪ੍ਰਸਤਾਵ ਭੇਜਣ ਦੀ ਤਿਆਰੀ ਸੀ, ਪਰ ਓਸੇ ਵੇਲੇ ਦੁਰਗਾ ਆ ਜਾਂਦੀ ਹੈ ਅਤੇ ਹੈਰਾਨ ਹੁੰਦੀ ਹੈ ਕਿ ਮੈਂ ਤਾਂ ਦੈਂਤਾਂ ਦਾ ਸੰਘਾਰ ਕਰ ਦਿੱਤਾ ਸੀ, ਇਹ ਕਿਥੋਂ ਆ ਗਏ? ਦੁਰਗਾ ਦੇਵਤਿਆਂ ਦੀ ਫੌਜ ਨਾਲ Lustus ਤੇ ਟੁੱਟ ਪੈਂਦੀ ਹੈ ਤੇ ਬਹੁਤ ਸਾਰੇ ਵਡ-ਪ੍ਰਭਾਵੀ ਰਾਕਸ਼ਸ ਮਾਰੇ ਜਾਂਦੇ ਹਨ. ਖੂਨ ਖ਼ਰਾਬੇ ਨਾਲ ਅਸਮਾਨ ਲਾਲ ਹੋ ਜਾਂਦਾ ਹੈ. Lustus ਦੀ ਫੌਜ ਘਬਰਾ ਜਾਂਦੀ ਹੈ ਅਤੇ ਉਹ ਸੰਧੀ ਲਈ ਹੱਥ ਖੜੇ ਕਰ ਦਿੰਦਾ ਹੈ.
ਸੰਧੀ ਅਨੁਸਾਰ ਸ਼ੈਤਾਨ ਰਬ ਦੀ ਸਲਤਨਤ ਵਿਚ ਦਖ਼ਲ ਅੰਦਾਜ਼ੀ ਨਹੀਂ ਕਰੇਗਾ. ਦੇਵਤੇ ਵੀ ਬੈਕੁੰਠ ਧਾਮ ਵਿਚ ਵਾਪਸ ਚਲੇ ਜਾਂਦੇ ਹਨ. Lustus ਸਭ ਕੁਝ ਵਾਪਿਸ ਕਾਰਨ ਲਈ ਰਾਜ਼ੀ ਹੋ ਜਾਂਦਾ ਹੈ ਸਿਵਾਏ ਪਾਲਿਟੀਸ਼ਨਾਂ ਦੇ. ਦੇਵਤੇ ਵੀ ਹੁਣ ਵਿਚਾਰ ਕਰਦੇ ਹਨ ਕਿ ਚੰਗੇ ਚੰਗੇ ਮਿਆਰੀ ਚਰਿਤਰ ਵਾਲੇ ਲੋਕ Lustus ਨਾਲ ਕਿਓਂ ਜਾ ਮਿਲੇ? ਅਖੀਰ ਇਹ ਗੱਲ ਨਿਕਲ ਕਿ ਸਾਮਣੇ ਆਓਂਦੀ ਹੈ ਕਿ ਸ਼ੈਤਾਨ ਮਨੁੱਖ ਦੀਆਂ ਲੋੜਾਂ ਲਈ ਹਮੇਸ਼ਾ ਹਾਜ਼ਰ ਰਹਿੰਦਾ ਹੈ, ਜਦੋਂ ਕਿ ਰੱਬ ਨੂੰ ਮੰਨਣ ਵਾਲੇ ਲੋਕਾਂ ਦਾ ਅਨੁਭਵ ਇਹ ਹੈ, ਕਿ ਉਹ ਇਨਸਾਫ ਲਈ ਦਮ ਤੋੜ ਜਾਂਦੇ ਹਨ ਪਰ ਦੇਵਤੇ ਬੋਹੜਦੇ ਹੀ ਨਹੀਂ.
ਇਹ ਮਹਾਂਕਾਵਿ ਉੱਤਰ-ਆਧੁਨਿਕ [Post-modern] ਯੁਗ ਦੀ ਇਕ ਮਿਆਰੀ ਰਚਨਾ ਹੈ ਜੋ ਬੁਰਾਈ ਨੂੰ ਉਸਦੇ ਪੂਰਨ ਵਿਸ਼ਥਾਰ ਵਿਚ ਦੇਖਦੀ ਹੋਈ ਉਸਦੇ ਖਾਤਮੇ ਲਈ ਫ਼ਿਕਰਮੰਦ ਹੈ ਅਤੇ ਸਮਕਾਲੀ ਯੁਗ ਦੀਆਂ ਕਲਪਨਾਵਾਂ, ਸੰਭਾਵਨਾਵਾਂ, ਸੰਵੇਦਨਾਵਾਂ ਅਤੇ ਯਥਾਰਥ ਨੂੰ ਵਿਅਕਤ ਕਰਦੀ ਹੋਈ ਮਾਨਵਤਾ ਨੂੰ ਦਰਪੇਸ਼ ਖ਼ਤਰਿਆਂ ਨੂੰ ਸੰਬੋਧਿਤ ਹੁੰਦੀ ਹੈ. Lustus ਦੁਨੀਆ ਦੇ ਸਾਹਿਤ ਵਿਚ ਇਕ ਵਿਲੱਖਣ ਘਟਨਾ [phenomenon ] ਹੈ. ਜੋ ਭਾਰਤ ਦੇ ਅੰਗਰੇਜ਼ੀ ਸਾਹਿਤ ਨੂੰ ਨਵੀਆਂ ਬੁਲੰਦੀਆਂ ਪ੍ਰਦਾਨ ਕਰਦੀ ਹੋਈ ਡਾਕਟਰ ਆਨੰਦ ਨੂੰ ਓਹਨਾ ਵਿਸ਼ਵ-ਸਾਹਿਤਕਾਰਾਂ ਦੀ ਕਿਤਾਰ ਵਿਚ ਖੜਾ ਕਰਦੀ ਹੈ ਜਿਨਾਂ ਦੀਆਂ ਰਚਨਾਵਾਂ ਨੇ ਸਮੇ ਦੇ ਵੇਗ ਨੋ ਮੋੜਣ ਵਿਚ ਮਾਨਵਤਾ ਦੀ ਸਹਾਇਤਾ ਕੀਤੀ.
ਡਾਕਟਰ ਆਨੰਦ ਨੇ ਸੱਤ ਮਹਾਂਕਾਵ ਲਿਖੇ ਹਨ ਤੇ ਸੱਤ ਪੰਜਾਬੀ ਕਾਵਿ ਪੁਸਤਕਾਂ ਸਮੇਤ ਕੁਲ 140 ਕਿਤਾਬਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚੋਂ ਤਿੰਨ ਪੁਸਤਕਾਂ ਦਾ ਅਨੁਵਾਦ ਫਾਰਸੀ ਵਿਚ ਹੋ ਚੁਕਾ ਹੈ. ਇਰਾਨ ਦੀ ਪ੍ਰੋ. ਰੋਹਾਯਾ ਫਾਰਸੀ ਨੇ ਡਾ ਆਨੰਦ ਦੀ ਰਚਨਾ ‘ਬਲਿੱਸ’ ਦੀ ਤੁਲਨਾ ਖਲੀਲ ਜਿਬਰਾਨ ਦੀ ਵਡਮੁਲੀ ਪੁਸਤਕ ‘ਪੈਗੰਬਰ’ ਨਾਲ ਕੀਤੀ ਹੈ. ਕਿਰਗੀਜ਼ਤਾਂਨ ਦੇ ਕਵੀ ਰਹੀਮ ਕਰੀਮ ਨੂੰ ਡਾ ਆਨੰਦ ਦੀ ਰਚਨਾ ਵਿਚੋਂ ਹਿੰਦ ਮਹਾਂਸਾਗਰ ਦੀ ਮਹਿਕ ਆਓਂਦੀ ਹੈ. ਅਨੇਕ ਭਾਰਤੀ ਅਤੇ ਅੰਤਰ ਰਾਸ਼ਟਰੀ ਵਿਦਵਾਨਾਂ ਨੇ ਡਾ ਆਨੰਦ ਦੀਆਂ ਰਚਨਾਵਾਂ ਤੇ ਮਹੱਤਵ ਪੂਰਨ ਟਿੱਪਣੀਆਂ ਕੀਤੀਆਂ ਹਨ. ਡਾ ਆਨੰਦ ਨੇ ਚਾਰ ਵਾਰ ਵਰਲਡ ਪੋਇਟਰੀ ਕਾਨਫਰੰਸ ਦਾ ਆਯੋਜਨ ਕੀਤਾ. ਵਰਲਡ ਲਿਟਰੇਚਰ ਇੰਡੀਆ ਦੀ ਸਥਾਪਨਾ ਕੀਤੀ ਅਤੇ ਸੈਂਕਡ਼ੇ ਕਵੀਆਂ ਦੀਆਂ ਰਚਨਾਵਾਂ ਛਾਪੀਆਂ ਹਨ. ਥਿਊਰੀ ਵਿਚ ਵੀ ਡਾਕਟਰ ਆਨੰਦ ਨੇ Biotext ਦੇ ਸਿਧਾਂਤ ਦੀ ਦੇਣ ਦਿਤੀ ਹੈ . ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ. ਡਾਕ੍ਟਰ ਆਨੰਦ ਦੀ ਰਚਨਾ ਐਨੀ ਗਹਿਨ ਅਤੇ ਵਿਸਤ੍ਰਿਤ ਹੈ [ਕਵਿਤਾ, ਫਿਕਸ਼ਨ, ਨਾਨ-ਫਿਕਸ਼ਨ, ਸਪੀਰੀਚੁਆਲਿਟੀ, ਫਿਲੋਸਫੀ, ਐਨਵਿਰੋਨਮੈਂਟ, critical ਥਿਊਰੀ ਅਤੇ ਪਾਲਿਟਿਕਲ ਥਿਊਰੀ ਆਦਿ] ਕਿ ਆਧੁਨਿਕ ਯੁਗ ਦੀਆਂ ਵਿਸੰਗਤੀਆਂ ਨੂੰ ਰੂਪਮਾਨ ਕਰਨ ਵਿਚ ਉਸਦੀ ਉਹ ਹੀ ਭੂਮਿਕਾ ਹੈ ਜੋ ਉਸਦੇ ਆਪਣੇ ਸਮੇ ਵਿਚ ਮਿਲਟਨ ਦੀ ਰਹੀ. ਵਿਸ਼ਵ ਸਾਹਿਤ ਦੀ ਨਾਇਕਾ ਅਮਰੀਕਨ ਕਵਿਤਰੀ ਡਾਕਟਰ ਮਾਇਆ ਹਰਮਨ ਸੇਕੁਲਿਚ ਨੇ ਡਾਕਟਰ ਆਨੰਦ ਨੂੰ Daniel Defoe ਦੀ ਭਾਂਤੀ ਆਪਣੇ ਯੁਗ ਦਾ ਮਹਾਨ ਵਿਅੰਗਕਾਰ [ satirist ] ਕਹਿ ਕਿ ਸਨਮਾਨਿਆ ਹੈ. ਮੈਨੂੰ ਡਾਕ੍ਟਰ ਆਨੰਦ ਨੂੰ ਪੰਜਾਬ ਦਾ ਸੱਤਵਾਂ ਦਰਿਆ ਅਤੇ ਨਿਓ-ਮਿਲ੍ਟਨ ਕਹਿਣ ਵਿਚ ਕੋਈ ਅਤਕਥਨੀ ਨਹੀਂ ਜਾਪਦੀ ਬਲਕਿ ਇਸ ਗੱਲ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅਸੀਂ ਇਸ ਮਹਾਨ ਰਚਨਾਕਾਰ ਨੂੰ ‘Lustus ‘ ਜਿਹੀਆਂ ਮਹਾਨ ਰਚਨਾਵਾਂ ਕਰਦਿਆਂ ਸਾਖਸ਼ਾਤ ਦੇਖ ਰਹੇਂ ਹਾਂ.

ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਪੰਜਾਬੀ ਆਲੋਚਕ ਤੇ ਸਾਹਿਤਕਾਰ,
ਬ੍ਰਹਮ ਨਿਵਾਸ, ਫਰੀਦਕੋਟ ਪੰਜਾਬ
ਮੋਬਾਈਲ ਨੋ. 9876052136