ਸਿਗਰਟ ਛੱਡਣ ਵਾਲਿਆਂ ਨੂੰ ਵਾਧੂ ਛੁੱਟੀਆਂ

0
473

ਟੋਕੀਓ :ਜਾਪਾਨ ਦੀ ਇਕ ਕੰਪਨੀ ਨੇ ਧੂੰਆਂਨੋਸ਼ੀ ਕਰਨ ਵਾਲੇ ਆਪਣੇ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਛੁੱਟੀਆਂ ਦਾ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਅਜਿਹੇ ਲੋਕਾਂ ਨੂੰ ਸਾਲ ‘ਚ ਛੇ ਦਿਨਾਂ ਦੀ ਹੋਰ ਛੁੱਟੀ ਦੇਵੇਗੀ ਜੋ ਸਿਗਰਟ ਤੋਂ ਤੌਬਾ ਕਰ ਰਹੇ ਹਨ।

ਟੋਕੀਓ ਦੀ ਆਨਲਾਈਨ ਕਾਮਰਸ ਕੌਂਸਲਿੰਗ ਅਤੇ ਮਾਰਕੀਟਿੰਗ ਕੰਪਨੀ ਪਿਆਲਾ ਨੇ ਪਿਛਲੇ ਸਤੰਬਰ ‘ਚ ਇਸ ਦਾ ਐਲਾਨ ਕੀਤਾ। ਇਸ ਕੰਪਨੀ ਦੇ ਕੁਝ ਮੁਲਾਜ਼ਮਾਂ ਨੇ ਉਨ੍ਹਾਂ ਸਾਥੀਆਂ ਕਾਰਨ ਸਮੇਂ ਦੀ ਬਰਬਾਦੀ ਦੀ ਸ਼ਿਕਾਇਤ ਕੀਤੀ ਸੀ ਜਿਹੜੇ ਧੂੰਆਂਨੋਸ਼ੀ ਕਰਨ ਲਈ ਅਕਸਰ ਗ਼ਾਇਬ ਹੋ ਜਾਂਦੇ ਹਨ। ਕੰਪਨੀ ਦੇ ਬੁਲਾਰੇ ਹਿਰੋਤਾਕਾ ਮਾਤਸੁਸ਼ਿਮਾ ਨੇ ਕਿਹਾ ਕਿ ਸਾਡਾ ਦਫ਼ਤਰ 29ਵੀਂ ਮੰਜ਼ਿਲ ‘ਤੇ ਸਥਿਤ ਹੈ।

ਇਸ ਤਰ੍ਹਾਂ ਧੂੰਆਂਨੋਸ਼ੀ ਕਰਨ ਵਾਲਿਆਂ ਨੂੰ ਬੇਸਮੈਂਟ ‘ਚ ਬਣੇ ਸਮੋਕਿੰਗ ਰੂਮ ‘ਚ ਜਾਣ ਅਤੇ ਆਉਣ ‘ਚ ਘੱਟੋ ਘੱਟ ਦਸ ਮਿੰਟ ਦਾ ਸਮਾਂ ਲੱਗਦਾ ਹੈ। ਇਸ ਲਈ ਅਸੀਂ ਇਹ ਫ਼ੈਸਲਾ ਕੀਤਾ ਕਿ ਧੂੰਆਂਨੋਸ਼ੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਥਾਂ ਧੂੰਆਂਨੋਸ਼ੀ ਨਾ ਕਰਨ ਵਾਲਿਆਂ ਨੂੰ ਇਨਾਮ ਦੇਣਾ ਬਿਹਤਰ ਹੋਵੇਗਾ। ਇਕ ਸਤੰਬਰ ਤੋਂ ਇਸ ਯੋਜਨਾ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਸਿਗਰਟ ਪੀਣ ਵਾਲੀ ਕੰਪਨੀ ਦੇ 42 ਮੁਲਾਜ਼ਮਾਂ ‘ਚੋਂ ਚਾਰ ਨੇ ਇਸ ਦੀ ਆਦਤ ਛੱਡ ਦਿੱਤੀ।

ਜਾਪਾਨ ਦੀਆਂ ਜ਼ਿਆਦਾਤਰ ਕੰਪਨੀਆਂ ਨੇ ਦਫ਼ਤਰ ‘ਚ ਧੂੰਆਂਨੋਸ਼ੀ ‘ਤੇ ਰੋਕ ਲਗਾਈ ਹੋਈ ਹੈ। ਧੂੰਆਂਨੋਸ਼ੀ ਕਰਨ ਵਾਲਿਆਂ ਲਈ ਸਮੋਕਿੰਗ ਰੂਮ ਬਣਾਏ ਗਏ ਹਨ।ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਿਕ ਜਾਪਾਨ ਦੇ 29 ਫ਼ੀਸਦੀ ਮਰਦ ਅਤੇ ਨੌਂ ਫ਼ੀਸਦੀ ਅੌਰਤਾਂ ਧੂੰਆਂਨੋਸ਼ੀ ਕਰਦੀਆਂ ਹਨ।

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਭਾਰਤ ‘ਚ ਕਰੀਬ 12 ਕਰੋੜ ਲੋਕ ਧੂੰਆਂਨੋਸ਼ੀ ਕਰਦੇ ਹਨ। ਧੂੰਆਂਨੋਸ਼ੀ ਅਤੇ ਤੰਬਾਕੂ ਦੇ ਇਸਤੇਮਾਲ ਨਾਲ ਹਰ ਸਾਲ ਕਰੀਬ ਦਸ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।