ਸ਼ੱਤਰੂਘਨ ਨੇ ਮੋਦੀ ਨੂੰ ‘ਅਖੌਤੀ ਚਾਹ ਵਾਲੇ’ ਦਾ ਦਿੱਤਾ ਖ਼ਿਤਾਬ

0
670

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਸ਼ੱਤਰੂਘਨ ਸਿਨ੍ਹਾ ਨੇ ਸਿੱਧਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਹੋਇਆ ਕਿਹਾ ਕਿ ਇੱਕ ਤਥਾਕਥਿਤ ਚਾਹ ਵੇਚਣ ਵਾਲਾ ਚਾਹ ਵੇਚ-ਵੇਚ ਕਿਤੇ ਤੋਂ ਕਿਤੇ ਪਹੁੰਚ ਸਕਦਾ ਹੈ ਤਾਂ ਮੈਂ ਨੋਟਬੰਦੀ ਤੇ ਜੀਐਸਟੀ ਬਾਰੇ ਕਿਉਂ ਨਹੀਂ ਕੁਝ ਬੋਲ ਸਕਦਾ? ਉਨ੍ਹਾਂ ਕਿਹਾ ਕਿ ਜੀਐਸਟੀ ਕੀ ਹੈ? ਇਸ ਦਾ ਮਤਲਬ ਸਮਝਾਉਂਦਿਆਂ ਸ਼ੱਤਰੂਘਨ ਸਿਨ੍ਹਾ ਨੇ ਆਪਣੀ ਬਿਹਾਰੀ ਭਾਸ਼ਾ ਵਿੱਚ ਟਿੱਪਣੀ ਕੀਤੀ ਕਿ ਗਈਲ ਸਰਕਾਰ ਤੋਹਾਰ। ਪਟਨਾ ਸਾਹਿਬ ਤੋਂ ਭਾਜਪਾ ਦੇ ਸੰਸਦ ਮੈਂਬਰ ਸਿਨ੍ਹਾ ਨੇ ਆਮ ਆਦਮੀ ਪਾਰਟੀ ਦੀ ਦੀ ਜਨ ਅਧਿਕਾਰ ਰੈਲੀ ਨੂੰ ਵਾਰਾਣਸੀ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਸਮ੍ਰਿਤੀ ਇਰਾਨੀ ‘ਤੇ ਵੀ ਜ਼ੋਰਦਾਰ ਸ਼ਬਦੀ ਤੀਰ ਛੱਡੇ।
ਉਨ੍ਹਾਂ ਕਿਹਾ ਕਿ ਮੈਂ ਮੰਤਰੀ ਬਣਨ ਤੋਂ ਉੱਪਰ ਨਿਕਲ ਚੁੱਕਿਆ ਹਾਂ, ਮੈਂ ਅਟਲ ਬਿਹਾਰੀ ਵਾਜਪੇਈ ਦੇ ਕਾਰਜਕਾਲ ਵਿੱਚ ਮੰਤਰੀ ਸੀ, ਹੁਣ ਉਨ੍ਹਾਂ ਐਸੇ-ਤੈਸੇ ਨੂੰ ਬਣਾ ਦਿੱਤਾ। ਵਕੀਲ ਨੂੰ ਵਿੱਤ ਮੰਤਰੀ ਤੇ ਟੈਲੀਵਿਜ਼ਨ ਅਦਾਕਾਰ ਨੂੰ HRD ਮਿਨਿਸਟਰ ਲਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਾਡੀ ਆਪਣੀ ਸਰਕਾਰ ਵਿੱਚ ਦਲਿਤ ਪ੍ਰੇਸ਼ਾਨ ਹਨ, ਕਿਸਾਨਾਂ ਨੂੰ ਆਪਣੀਆਂ ਸਬਜ਼ੀਆਂ ਸੜਕਾਂ ‘ਤੇ ਸੁੱਟਣੀਆਂ ਪੈ ਰਹੀਆਂ ਹਨ, ਕਿਸੇ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ।
ਸਿਨ੍ਹਾ ਨੇ ਕਿਹਾ ਕਿ ਜਦ ਤਕ ਉਹ ਭਾਜਪਾ ਵਿੱਚ ਹਨ, ਉਦੋਂ ਤਕ ਪਾਰਟੀ ਦੀ ਮਰਿਆਦਾ ਦਾ ਪਾਲਣ ਕਰਦੇ ਰਹਿਣਗੇ, ਪਰ ਮੁੱਦਿਆਂ ‘ਤੇ ਬਿਨਾ ਨਾਂਅ ਲਏ ਗੱਲ ਜ਼ਰੂਰ ਕਰਦੇ ਰਹਿਣਗੇ। ਜਿੱਥੇ ਸਿਨ੍ਹਾ ਨੇ ਖ਼ੁਦ ਨੂੰ ਮੰਤਰੀ ਨਾ ਬਣਾਉਣ ਦੀ ਗੱਲ ਕੀਤੀ ਉੱਥੇ ਹੀ ਉਨ੍ਹਾਂ ਅਡਵਾਨੀ ਨੂੰ ਰਾਸ਼ਟਰਪਤੀ ਨਾ ਬਣਾਉਣ ਦੀ ਗੱਲ ਵੀ ਕਹੀ।
ਉਨ੍ਹਾਂ ਕਿਹਾ ਕਿ ਅਡਵਾਨੀ ਨੂੰ ਭਾਰਤ ਰਤਨ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਸਬੰਧੀ ਸਵਾਲ ਦੇ ਜਵਾਬ ਵਿੱਚ ਸ਼ੱਤਰੂਘਨ ਸਿਨ੍ਹਾ ਨੇ ਕਿਹਾ ਕਿ ਕੋਈ ਅਜਿਹਾ ਵਿਅਕਤੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ ਜਿਸ ਵਿੱਚ ਹਊਮੈ ਨਾ ਹੋਵੇ, ਪਰਪੱਕ ਹੋਵੇ ਤੇ ਦੇਸ਼ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਿਜਾਣ ਦੇ ਸਮਰੱਥ ਹੋਵੇ।