ਵੀ. ਆਈ. ਪੀ. ਸੁਰੱਖਿਆ ”ਚ ਕਟੌਤੀ, 300 ਜਵਾਨ ਵਾਪਸ ਬੁਲਾਏ

0
505

ਚੰਡੀਗੜ੍ਹ : ਪੰਜਾਬ ਪੁਲਸ ਨੇ ਵੀ. ਆਈ. ਪੀ. ਸੁਰੱਖਿਆ ‘ਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਨਵੇਂ ਸਿਰੇ ਤੋਂ ਰਿਵਿਊ ਸ਼ੁਰੂ ਕਰ ਦਿੱਤਾ ਗਿਆ ਹੈ। ਸਾਰੇ ਸਿਆਸੀ ਅਤੇ ਧਾਰਮਿਕ ਆਗੂਆਂ ਸਮੇਤ ਅਧਿਕਾਰੀਆਂ ਦੀ ਸੁਰੱਖਿਆ ‘ਚ ਤਾਇਨਾਤ ਜਵਾਨਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਜਿਨ੍ਹਾਂ ਨੂੰ ਸੁਰੱਖਿਆ ਚਾਹੀਦੀ ਹੈ, ਉਨ੍ਹਾਂ ਲਈ ਜ਼ਿਲਿਆਂ ‘ਚ ਐੱਸ. ਐੱਸ. ਪੀ. ਜਾਂ ਪੁਲਸ ਕਮਿਸ਼ਨਰ ਦੇ ਇਲਾਵਾ ਸੀ. ਆਈ. ਡੀ. ਦੀ ਰਿਪੋਰਟ ਤੋਂ ਬਾਅਦ ਹੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪਹਿਲਾਂ ਜ਼ਿਲਾ ਪੁਲਸ ਮੁਖੀ ਦੀ ਰਿਪੋਰਟ ‘ਤੇ ਹੀ ਸੁਰੱਖਿਆ ਦਿੱਤੀ ਜਾਂਦੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ‘ਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ‘ਚ ਤਾਇਨਾਤ 376 ਜਵਾਨਾਂ ਨੂੰ ਘੱਟ ਕਰ ਦਿੱਤਾ ਸੀ। ਮੁੱਖ ਮੰਤਰੀ ਦੀ ਸੁਰੱਖਿਆ ‘ਚ ਪਹਿਲਾਂ 1392 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਦੀ ਗਿਣਤੀ ਕੈਪਟਨ ਨੇ ਘਟਾ ਕੇ 1016 ਕਰ ਦਿੱਤੀ ਸੀ। ਡੀ. ਜੀ. ਪੀ. ਲਾਅ ਐਂਡ ਆਰਡਰ ਤੋਂ ਸਰਕਾਰ ਨੇ ਨੇਤਾਵਾਂ ਅਤੇ ਧਾਰਮਿਕ ਆਗੂਆਂ ਦੀ ਸੁਰੱਖਿਆ ਦੀ ਰਿਪੋਰਟ ਤਿਆਰ ਕਰਵਾਈ ਸੀ।
ਇਸ ਤੋਂ ਬਾਅਦ 12 ਅਕਾਲੀ ਭਾਜਪਾ ਆਗੂਆਂ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਹੁਣ ਨਵੇਂ ਸਿਰੇ ਤੋਂ ਸੁਰੱਖਿਆ ਵਿਵਸਥਾ ਦਾ ਰਿਵਿਊ ਕਰਨ ਤੋਂ ਬਾਅਦ ਪੁਲਸ ਵਿਭਾਗ ਨੇ 300 ਜਵਾਨਾਂ ਨੂੰ ਵਾਪਸ ਬੁਲਾ ਲਿਆ ਹੈ। ਬਾਕੀ ਵੀ. ਆਈ. ਪੀ. ਅਤੇ ਹੋਰ ਕੈਟਾਗਿਰੀਆਂ ਦੀਆਂ ਹਸਤੀਆਂ ਨੂੰ ਦਿੱਤੀ ਗਈ ਸੁਰੱਖਿਆ ਵਿਵਸਥਾ ਦੀ ਜ਼ਿਲਾਵਾਰ ਰਿਪੋਰਟ ਆਉਣ ਤੋਂ ਬਾਅਦ ਹੋਰ ਕਟੌਤੀ ਕੀਤੀ ਜਾ ਰਹੀ ਹੈ। ਵਿਭਾਗ ਨੂੰ ਉਮੀਦ ਹੈ ਕਿ ਰਿਵਿਊ ਪੂਰਾ ਹੋਣ ਤੋਂ ਬਾਅਦ 1 ਹਜ਼ਾਰ ਜਵਾਨਾਂ ਨੂੰ ਵਾਪਸ ਬੁਲਾਇਆ ਜਾਵੇਗਾ।