‘ਵਾਇਆ ਬਠਿੰਡਾ’, ਹੁਣ ਬਣਿਆ ਮਾਣ

0
457

ਬਠਿੰਡਾ : ‘ਵਾਇਆ ਬਠਿੰਡਾ’ ਲੰਘੇ ਵੇਲਿਆਂ ’ਚ ਕਦੇ ਮਿਹਣੇ ਤੋਂ ਘੱਟ ਨਹੀਂ ਸੀ ਪਰ ਦਿਨ ਬਦਲੇ ਨੂੰ ਹੁਣ ‘ਵਾਇਆ ਬਠਿੰਡਾ’ ਮਾਣ ਦਾ ਪ੍ਰਤੀਕ ਬਣ ਗਿਆ ਹੈ। ਮਲੇ ਝਾੜੀਆਂ ਦੇ ਇਸ ਇਲਾਕੇ ਦੇ ਲੋਕਾਂ ਨੂੰ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ’ ਦੀ ਬੋਲੀ ਵੱਜਦੀ ਰਹੀ ਹੈ। ਵਕਤ ਬਦਲਿਆ ਤੇ ਹੁਣ ਮੂੰਹੋਂ ਨਿਕਲਦਾ ਹੈ, ‘ਨਹੀਂ ਰੀਸ ਤੇਰੇ ਬਠਿੰਡੇ ਦੀ’। ਉਹ ਦਿਨ ਚਲੇ ਗਏ ਜਦੋਂ ਬਠਿੰਡਾ ’ਤੇ ਪਛੜੇ ਹੋਣ ਦਾ ਦਾਗ਼ ਸੀ। ਹੁਣ ਬਠਿੰਡਾ ਸ਼ਹਿਰ ਵਿੱਚ ਦੇਸ਼ ਦੇ 26 ਰਾਜਾਂ ਦੇ ਵਿਦਿਆਰਥੀ ਪੜ੍ਹ ਰਹੇ ਹਨ। ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਵਿੱਚ ਮੌਜੂਦਾ ਸੈਸ਼ਨ ਵਿੱਚ 594 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿੱਚ ਸਿਰਫ਼ 14 ਫੀਸਦੀ ਭਾਵ 81 ਵਿਦਿਆਰਥੀ ਹੀ ਪੰਜਾਬ ਦੇ ਹਨ, ਬਾਕੀ ਦੂਜੇ ਰਾਜਾਂ ਤੋਂ ਹਨ। ਆਰਟੀਆਈ ਵੇਰਵਿਆਂ ਅਨੁਸਾਰ ਕੇਂਦਰੀ ’ਵਰਸਿਟੀ ਵਿੱਚ ਜੰਮੂ ਕਸ਼ਮੀਰ ਦੇ 78 ਅਤੇ ਕੇਰਲਾ ਦੇ 50 ਵਿਦਿਆਰਥੀ ਪੜ੍ਹ ਰਹੇ ਹਨ। ’ਵਰਸਿਟੀ ਵਿੱਚ ਆਂਧਰਾ ਪ੍ਰਦੇਸ਼ ਦੇ 6, ਅਰੁਣਾਚਲ ਪ੍ਰਦੇਸ਼ ਦਾ ਇੱਕ, ਅਸਾਮ ਦੇ 26, ਬਿਹਾਰ ਦੇ 34, ਕਰਨਾਟਕਾ ਅਤੇ ਮਨੀਪੁਰ ਦੇ ਦੋ-ਦੋ, ਉੜੀਸਾ ਦੇ 33 ਵਿਦਿਆਰਥੀ, ਉੱਤਰ ਪ੍ਰਦੇਸ਼ ਦੇ 63,ਪੱਛਮੀ ਬੰਗਾਲ ਦੇ 29, ਝਾਰਖੰਡ ਦੇ 10, ਨਾਗਾਲੈਂਡ, ਮੇਘਾਲਿਆ ਤੇ ਮਨੀਪੁਰ ਦੇ ਤਿੰਨ ਅਤੇ ਹਿਮਾਚਲ ਪ੍ਰਦੇਸ਼ ਦੇ 21 ਵਿਦਿਆਰਥੀ ਪੜ੍ਹਦੇ ਹਨ। ਕੇਂਦਰੀ ’ਵਰਸਿਟੀ ਵਿੱਚ ਤਿੰਨ ਦਰਜਨ ਡਿਗਰੀ ਕੋਰਸ ਚੱਲ ਰਹੇ ਹਨ। ਬਠਿੰਡਾ ’ਚ ਹੁਣ ਹਰ ਕਲਚਰ ਦਾ ਫੁੱਲ ਖਿੜਿਆ ਹੈ।
ਬਾਬਾ ਫ਼ਰੀਦ ਇੰਸਟੀਚਿਊਟ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਅਦਾਰੇ ’ਚ ਦੂਜੇ ਮੁਲਕਾਂ ਦੇ ਵਿਦਿਆਰਥੀ ਵੀ ਪੜ੍ਹ ਰਹੇ ਹਨ। ਬਠਿੰਡਾ ਜ਼ਿਲ੍ਹੇ ਵਿੱਚ ਕੇਂਦਰੀ ’ਵਰਸਿਟੀ ਤੋਂ ਇਲਾਵਾ ਚਾਰ ਹੋਰ ਯੂਨੀਵਰਸਿਟੀਆਂ ਹਨ। ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋ. ਬੂਟਾ ਸਿੰਘ ਨੇ ਦੱਸਿਆ ਕਿ ਹਰ ’ਵਰਸਿਟੀ ਵਿੱਚ ਬਾਹਰਲੇ ਰਾਜਾਂ ਦੇ ਵਿਦਿਆਰਥੀ ਵੀ ਪੜ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਫ਼ੀ ਅਰਸਾ ਪਹਿਲਾਂ ਪੰਜਾਬ ਦੇ ਵਿਦਿਆਰਥੀ ਦੱਖਣੀ ਭਾਰਤ ਵਿੱਚ ਇੰਜਨੀਅਰਿੰਗ ਕਰਨ ਜਾਂਦੇ ਸਨ, ਹੁਣ ਦੱਖਣ ਵਾਲੇ ਬਠਿੰਡਾ ਆਉਂਦੇ ਹਨ। ਫਿਜੀਕਸ ਕੋਚਿੰਗ ਇੰਸਟੀਚਿਊਟ ਦੇ ਪ੍ਰੋ. ਲਲਿਤ ਮੋਹਨ ਨੇ ਦੱਸਿਆ ਕਿ ਪੰਜਾਬ ਭਰ ’ਚੋਂ ਬਠਿੰਡਾ ਮੈਡੀਕਲ ਤੇ ਇੰਜਨੀਅਰਿੰਗ ਕੋਚਿੰਗ ਵਿੱਚ ਪਹਿਲੇ ਨੰਬਰ ’ਤੇ ਹੈ। ਹਰ ਮੁਕਾਬਲੇ ਦੀ ਪ੍ਰੀਖਿਆ ਵਿੱਚ ਬਠਿੰਡਾ ਮੋਹਰੀ ਬਣ ਕੇ ਉਭਰਿਆ ਹੈ। ਬਠਿੰਡਾ ਹੁਣ ‘ਆਈਲੈਟਸ’ ਦੀ ਕੋਚਿੰਗ ’ਚ ਵੀ ਉਭਰਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ 70 ਦੇ ਕਰੀਬ ਆਈਲੈਟਸ ਦੇ ਕੋਚਿੰਗ ਸੈਂਟਰ ਹਨ।
ਬਠਿੰਡਾ ਛਾਉਣੀ ਤੇ ਕੌਮੀ ਖਾਦ ਕਾਰਖ਼ਾਨੇ ਕਰ ਕੇ ਦੂਜੇ ਰਾਜਾਂ ਦੇ ਲੋਕਾਂ ਦੀ ਬਠਿੰਡਾ ’ਚ ਆਮਦ ਬਹੁਤ ਪਹਿਲਾਂ ਹੋ ਗਈ ਸੀ ਪਰ ਰਿਫਾਈਨਰੀ ਚਾਲੂ ਹੋਣ ਮਗਰੋਂ ਬਠਿੰਡਾ ਬਹੁਭਾਂਤੀ ਰੰਗ ਵਿੱਚ ਰੰਗਿਆ ਗਿਆ। ਵਿਦਿਅਕ ਨਕਸ਼ੇ ਦੀ ਸ਼ਾਨ ਬਠਿੰਡਾ ਨੇ ਵਧਾਈ ਹੈ। ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਅਤੇ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ. ਐਸਐਸ ਸੰਘਾ ਨੇ ਕਿਹਾ ਕਿ 10 ਸਾਲਾਂ ’ਚ ਬਠਿੰਡਾ ਨੇ ਵੱਡੀ ਵਿੱਦਿਅਕ ਪੁਲਾਂਘ ਪੁੱਟੀ ਹੈ।