ਰੁੱਤ ਭੇਡਾਂ ਮੁੰਨਣ ਦੀ ਆਈ..!

0
266

ਸਿਆਲਾਂ ਮਗਰੋਂ ਭੇਡ ਨੂੰ ਮੁੰਨਿਆ ਜਾਵੇ, ਇਹੋ ਢੁਕਵਾਂ ਸਮਾਂ ਹੁੰਦਾ ਹੈ। ਇਹ ਕੋਈ ਅਟਕਲ ਪੱਚੂ ਨਹੀਂ, ਪਸ਼ੂਆਂ ਦੇ ਡਾਕਟਰਾਂ ਦਾ ਪਰਖਿਆ ਮਸ਼ਵਰਾ ਹੈ। ਇਤਫ਼ਾਕ ਹੈ, ਚੋਣਾਂ ਵੀ ਸਰਦੀ ਢਲ਼ਣ ਪਿੱਛੋਂ ਹੀ ਹਨ। ਜਿਨ੍ਹਾਂ ਦੀ ਕਾਟੋ ਫੁੱਲਾਂ ’ਤੇ ਖੇਡਦੀ ਰਹੀ, ਉਨ੍ਹਾਂ ਨੂੰ ਇਸੇ ਮੌਸਮ ’ਚ ਕੰਨ ਹੋਣਗੇ ਕਿ ਕਿਸ ਭਾਅ ਵਿਕਦੀ ਹੈ। ਫੁੱਲੋ ਮਿੱਠੀ (ਬਠਿੰਡਾ) ਦਾ ਆਜੜੀ ਕਾਲਾ ਸਿੰਘ ਕਿਸ ਹੌਸਲੇ ਮੰਡੀ ’ਚ ਜਾਵੇ। ਭੇਡ ਦੀ ਉੱਨ ਦੇ ਮੁੱਲ ’ਚ ਜੋ ਮੰਦਾ ਆਇਆ। 300 ਰੁਪਏ ਕਿੱਲੋ ਵਾਲੀ ਉੱਨ ਹੁਣ 40 ਰੁਪਏ ਵਿਕਦੀ ਹੈ। ਦਿਲ ਹੌਲਾ ਨਾ ਕਰ ਕਾਲਾ ਸਿਆਂ, ਦਿਨ ਤੇਰੇ ਫਿਰਨਗੇ, ਤੂੰ ਤਾਂ ਜਮਹੂਰੀ ਪਿੜ ਦਾ ‘ਬਾਦਸ਼ਾਹ’ ਏਂ, ਕੋਈ ਲੱਲੀ ਛੱਲੀ ਨਹੀਂ। ਲੱਗਦੈ, ਭੇਡਾਂ ਵਾਲੇ ਕਾਲੇ ਨੇ ਜਗਸੀਰ ਜੀਦਾ ਦੀ ਬੋਲੀ ਨਹੀਂ ਸੁਣੀ ਹੋਣੀ ‘ਭੇਡ ਵਿਕ ਗਈ 8560 ਦੀ, ਚਾਰ ਸੌ ਨੂੰ ਵੋਟ ਵਿਕ ਗਈ।’ ਕਾਲੇ ਦੀ ਭੇਡ ਹੁਣ ਬਹੁਤੀ ਉੱਨ ਨਹੀਂ ਦਿੰਦੀ, ਲੋਕ ਰਾਜ ਦੀਆਂ ‘ਭੇਡਾਂ’ ਕੋਲ ਕਮੀ ਨਹੀਂ। ਲਓ, ਸਿਆਸੀ ਟੋਟਕਾ ਸੁਣੋ। ਚੀਨ ਵਾਲੇ ਜਦੋਂ ਨੇਫ਼ਾ ਖੇਤਰ ’ਚ ਵੜੇ ਤਾਂ ਭਾਰਤ ਨੇ ਪੁੱਛਿਆ ‘ਕਿਧਰ ਮੂੰਹ ਚੁੱਕਿਐ।’ ਅੱਗਿਓਂ ਚੀਨੀ ਕਹਿੰਦੇ ‘ਸਾਡੀਆਂ ਭੇਡਾਂ ਗੁਆਚ ਗਈਆਂ, ਉਹ ਲੱਭਣ ਆਏ ਹਾਂ।’ ਪਤਾ ਉਦੋਂ ਲੱਗਾ ਜਦੋਂ ਅਗਲਿਆਂ ਜ਼ਮੀਨ ਨੱਪ ਲਈ। ਹੁਣ ਦਿੱਲੀਓਂ ਲਾਮ ਲਸ਼ਕਰ ਤੁਰਨਗੇ ‘ਭਾਰਤ ਦਰਸ਼ਨ’ ਕਰਨ। ਕੋਈ ਸਿਆਸੀ ਸਿੰਗ ਨਾ ਦਾਗ਼ ਦੇਣ, ਇਸੇ ਡਰੋਂ ਸੋਨੀਆ ਦਾ ਕਾਕਾ ਤੇ ਬੀਬਾ ਇਕੱਲੇ ਨਹੀਂ, ਅੰਬਾਨੀਆਂ ਦਾ ਸਕਾ ਨਰਿੰਦਰ ਮੋਦੀ ਵੀ ਲੋਕਾਂ ਦੇ ਖੁਰ ਵੱਢੇਗਾ। ਕਾਲਾ ਸਿਓਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਕਦੋਂ ਭੇਡਾਂ ’ਚ ਸਿਆਸੀ ਸ਼ੇਰ ਰਲ ਗਏ। ਭੋਲਾ ਪੰਛੀ ਕੀ ਜਾਣੇ ਕਿ ਖੁਰ ਵੱਢਣ ਵਾਲਿਆਂ ਲਈ ਤਾਂ ਦੇਸ਼ ‘ਭੇਡਾਂ ਦਾ ਵਾੜਾ’ ਹੀ ਹੈ। ਅੰਕੜਾ ਕਿੰਨਾ ਮਿਲਦਾ ਜੁਲਦਾ ਹੈ। ਪੇਂਡੂ ਪੰਜਾਬ ’ਚ 1.27 ਕਰੋੜ ਵੋਟਰ ਹਨ ਜਦੋਂ ਕਿ ਭੇਡਾਂ ਦੀ ਗਿਣਤੀ 1.28 ਲੱਖ ਹੈ। ਉਂਜ ਤਾਂ ਪੰਜਾਬੀ ਸ਼ੇਰ ਹੀ ਹਨ, ਬੱਸ ਵੋਟਾਂ ਵਾਲੇ ਦਿਨ ‘ਭੇਡ’ ਬਣ ਜਾਂਦੇ ਨੇ, ਚਾਹੇ ਕੋਈ ਮਰਜ਼ੀ ਮੁੰਨ ਲਏ। ਸੁਖਪਾਲ ਖਹਿਰਾ ਕਹਿੰਦਾ ਫਿਰਦੈ, ਪੰਜਾਬੀਓ ਫਿਰ ਬਣੋ ਸ਼ੇਰ। ਅੰਬਾਨੀ ਅਡਾਨੀ ਸ਼ੇਰਾਂ ਤੇ ਭੇਡਾਂ ਦੀ ਗਿਣਤੀ ’ਚ ਉਲਝੇ ਹੋਏ ਨੇ, ਮਾਇਆ ਉਸੇ ਹਿਸਾਬ ਨਾਲ ਭੇਜਣਗੇ। ਲੀਡਰਾਂ ਦੇ ਮੂੰਹੋਂ ਨਿਕਲੀ ਅੱਗ ਪਿੰਡੇ ਨਾ ਸੇਕ ਸਕੀ ਤਾਂ ਫਿਰ ਇਹੋ ਨਵੇਂ ਨੋਟ ਰੰਗ ਦਿਖਾਉਣਗੇ। ਮੱਧ ਪ੍ਰਦੇਸ਼ ’ਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਰੌਲਾ ਪਾਉਂਦਾ ਮਰ ਗਿਆ ਕਿ ਰਾਹੁਲ ਨੂੰ ਤਾਂ ਭੇਡ ਤੇ ਬੱਕਰੀ ਦੇ ਮੇਮਣੇ ਵਿਚਲਾ ਫ਼ਰਕ ਨਹੀਂ ਪਤਾ, ਕਿਥੋਂ ਭਾਲਦੇ ਹੋ ਖੇਤਾਂ ਦਾ ਭਲਾ।
ਵੋਟਰਾਂ ਦੱਸ ਦਿੱਤਾ ਕਿ ਸਾਨੂੰ ਤਾਂ ਫ਼ਰਕ ਦਾ ਪਤੈ। ਰੌਲਾ ਤਾਂ ਪਿੰਡ ਬਾਸਮਾਂ (ਮੁਹਾਲੀ) ਦਾ ਰੌਸ਼ਨ ਲਾਲ ਵੀ ਪਾਉਂਦਾ ਫਿਰਦੈ ‘ਭਾਈ, ਖੂੰਖਾਰ ਕੁੱਤਿਆਂ ਤੋਂ ਬਚ ਕੇ।’ ਉਸ ਦਾ ਭੇਡਾਂ ਦਾ ਵਾੜਾ ਜੋ ਖੂੰਖਾਰ ਖ਼ਾਲੀ ਕਰ ਗਏ। ਬਹਿਰੂ (ਪਟਿਆਲਾ) ਦਾ ਆਜੜੀ ਵੀ ਖੂੰਖਾਰਾਂ ਦੇ ਮੂੰਹ ਲੱਗਾ ਖ਼ੂਨ ਦੇਖ ਚੁੱਕਾ ਹੈ, ਜੋ ਇੱਕੋ ਹੱਲੇ ਸੱਤ ਲੱਖ ਦੀਆਂ ਭੇਡਾਂ ਛਕ ਗਏ। ਚੋਣਾਂ ਸਿਰ ’ਤੇ ਹੋਣ ਕਰਕੇ ਇਵੇਂ ਹੀ ਹੁਣ ਪੂਰਾ ਦੇਸ਼ ਸਹਿਮਿਆ ਪਿਆ ਹੈ।
ਚੋਣ ਮੇਲੇ ’ਚ ਜ਼ਮੀਨਾਂ ਤੋਂ ਘੱਟ ਭਾਅ ਜ਼ਮੀਰ ਦਾ ਹੋ ਜਾਂਦਾ ਹੈ। ਲੀਡਰ ਵੀ ਵਿਕਦੇ ਨੇ। ਆਦਮਪੁਰ ਦੀ ਉਪ ਚੋਣ ’ਚ ਉਦੋਂ ਦੇ ਇੱਕ ਅਕਾਲੀ ਮੰਤਰੀ ਨੇ ਆਖਿਆ ਸੀ ‘ਦੁਆਬੇ ਵਾਲ਼ਿਓਂ ਤੁਸੀਂ ਚੰਗੇ ਹੋ, ਹਜ਼ਾਰ ਨਾਲ ਸਾਰ ਲੈਂਦੇ ਹੋ, ਮਾਲਵੇ ’ਚ ਪੰਜ ਪੰਜ ਹਜ਼ਾਰ ਮੰਗਦੇ ਨੇ।’ ਪਹਿਲਾਂ ਟਿਕਟਾਂ ਫਿਰ ਵੋਟਾਂ ਵਿਕਦੀਆਂ ਨੇ। ਜਦੋਂ ਬਾਬੇ ਥੋਕ ਦਾ ਸੌਦਾ ਮਾਰਨ ਤਾਂ ਜਗਸੀਰ ਜੀਦਾ ਫਿਰ ਹੇਕ ਲਾਉਂਦੈ ‘ਵੇਖੀ ਸੰਗਤ ਵੇਚਦੀ ਵੋਟਾਂ, ਸੰਗਤ ਨੂੰ ਬਾਬੇ ਵੇਚ ਗਏ।’ ਆਪਣੀ ਸਮਝੇ ਤਾਂ ਅਕਾਲੀਆਂ ਨੇ ਸੌਦਾ ਸੱਚਾ ਕੀਤਾ ਪਰ ਝੋਲੀ 15 ਹੀ ਪੈਣਗੀਆਂ, ਚਿੱਤ ਚੇਤੇ ਵੀ ਨਹੀਂ ਸੀ। ਆਓ ਮੋੜੀਏ ਕਿਤੇ ‘ਅੱਛੇ ਦਿਨ’ ਉਡੀਕਦੀਆਂ ਭੇਡਾਂ ਹੀ ਨਾ ਭੱਜ ਜਾਣ। ਦੇਸ਼ ਵਿੱਚ 65 ਮਿਲੀਅਨ ਭੇਡਾਂ ਹਨ। ਦਹਾਕੇ ਦੌਰਾਨ ਇਹ ਗਿਣਤੀ 9.07 ਫ਼ੀਸਦੀ ਘਟੀ ਹੈ। ਦੇਸ਼ ਹਰ ਵਰ੍ਹੇ ਔਸਤਨ 130 ਮਿਲੀਅਨ ਡਾਲਰ ਦਾ ਭੇਡ/ਬੱਕਰੀ ਦਾ ਮੀਟ ਵਿਦੇਸ਼ ਭੇਜਦਾ ਹੈ। ਆਜੜੀ ਉੱਨ ਕਰਕੇ ਨਹੀਂ, ਮੀਟ ਕਰਕੇ ਬਚੇ ਨੇ। ਜਦੋਂ ਚੋਣਾਂ ਹੋਣ ਤਾਂ ਫਿਰ ਉਦੋਂ ਕੋਈ ਨਹੀਂ ਬਚਦਾ। ਬਚਾਓ ਹੈ ਕਿ ਲੀਡਰ ਜਾਣਦੇ ਨੇ ਕਿ ਜਵਾਨੀ ਤਾਂ ਭੇਡ ’ਤੇ ਆਈ ਮਾਣ ਨਹੀਂ ਹੁੰਦੀ। ਤਾਹੀਓਂ ਜਵਾਨੀ ਨੂੰ ਚੋਗ਼ਾ ਪੈਂਦਾ। ਇਸੇ ਜਵਾਨੀ ਨੇ ਤਾਂ ਦਿੱਲੀ ਵਾਲੇ ਲਾਲਾ ਜੀ ਦੀ ਧੰਨ ਧੰਨ ਕਰਾਤੀ ਸੀ। ਲੀਡਰਾਂ ਦੀ ਬਾਂ ਬਾਂ ਦੇਖ ਕੇ ਜਵਾਨੀ ਕਪਾਹ ’ਚ ਚਾਂਭਲੀ ਭੇਡ ਵਾਂਗੂ ਹੱਥਾਂ ਪੈਰਾਂ ਵਿੱਚ ਵੀ ਆ ਜਾਂਦੀ ਹੈ। ਕਦੋਂ ਮੁੰਨੇ ਗਏ, ਫਿਰ ਪਤਾ ਹੀ ਨਹੀਂ ਲੱਗਦਾ। ਹਾਲ ਔਟਲੀਆਂ ਭੇਡਾਂ ਵਰਗਾ ਹੋ ਜਾਂਦੈ। ‘ਭੇਡ ਮੁੰਨਣਾ ਵੀ ਕਲਾ ਹੈ।’ ਤਾਹੀਂ ਲੀਡਰ ਕੈਂਚੀ ਚੁੱਕੀ ਫਿਰਦੇ ਨੇ। ਵਜ਼ੀਰ ਵਿਜੇ ਸਾਂਪਲਾ ਨੇ ਮਹਾਂਗਠਜੋੜ ਨੂੰ ਭੇਡਾਂ ਬੱਕਰੀਆਂ ਦਾ ਇਕੱਠ ਦੱਸਿਆ। ਇਵੇਂ ਵੱਡੇ ਬਾਦਲ ਨੇ ਕੇਜਰੀਵਾਲ ਦੀ ਹਵਾ ਨੂੰ ਭੇਡ ਚਾਲ ਦੱਸਿਆ ਸੀ। ਕਿਸੇ ਨੇ ਚਰਵਾਹੇ ਨੂੰ ਪੁੱਛਿਆ ‘ਵਾੜੇ ਦੀਆਂ 50 ਭੇਡਾਂ ’ਚੋਂ ਇੱਕ ਭੇਡ ਤਾਰ ਟੱਪ ਜਾਏ, ਪਿੱਛੇ ਕਿੰਨੀਆਂ ਬਚੀਆਂ।’ ਚਰਵਾਹਾ ਕਹਿੰਦਾ, ਕੋਈ ਨਹੀਂ ਬਚੇਗੀ। ਇਹੋ ਭੇਡ ਚਾਲ ਹੁੰਦੀ ਹੈ, ਜਿਸ ਤੋਂ ਲਾਹੇ ਲਈ ਹਰ ਦਲ ਕਾਹਲਾ ਹੈ। ਜਲੌਰਾ ਆਜੜੀ ਆਖਦੈ ਕਿ ‘ਸਾਨੂੰ ਤਾਂ ਕੋਈ ਡੋਲ਼ਾ ਵੀ ਨਹੀਂ ਦਿੰਦਾ।’ ਮੋਦੀ ਦੱਸੋ, ਇਸ ’ਚ ਕੀ ਕਰੇ, ਉਹ ਤਾਂ ਖੁਦ….। ਸਾਕਾਂ ਦੇ ਚੱਕਰ ’ਚ ਕਿਤੇ ‘ਕਾਲੀਆਂ ਭੇਡਾਂ’ ਦੀ ਗੱਲ ਵਿਚੇ ਨਾ ਰਹਿ ਜਾਏ। ਕੁਲਬੀਰ ਜ਼ੀਰਾ ਦੇ ਰੌਲਾ ਪਾਉਣ ਮਗਰੋਂ ਮੁੱਖ ਮੰਤਰੀ ‘ਕਾਲੀਆਂ ਭੇਡਾਂ’ ਲੱਭਣ ਲੱਗੇ ਹਨ। ਮੱਖੂ ਦਾ ਸਾਬਕਾ ਚੇਅਰਮੈਨ ਕਹਿੰਦਾ ‘ਜ਼ੀਰਾ ਕਾਲਾ ਊਠ’ ਹੈ। ਲੀਡਰਾਂ ਨੂੰ ਮਾਰਾਂ ਦੇ ਭੰਨੇ ਲੋਕ ਬੇਸ਼ੱਕ ‘ਭੇਡਾਂ ਬੱਕਰੀਆਂ’ ਲੱਗਦੇ ਨੇ। ਜਦੋਂ ਇਹੋ ਆਪਣੀ ਆਈ ’ਤੇ ਆ ਜਾਣ ਤਾਂ ਬਿਨਾਂ ਜ਼ੀਰੇ ਤੋਂ ਵੀ ਤੜਕਾ ਲਾ ਦਿੰਦੇ ਨੇ। ਕੋਈ ਸ਼ੱਕ ਹੋਵੇ ਤਾਂ ਅਕਾਲੀਆਂ ਨੂੰ ਪੁੱਛ ਲੈਣਾ। ਸੁਆਦ ਪਹਿਲਾਂ ਮਹਾਰਾਜੇ ਨੇ ਵੀ ਵੇਖਿਆ। ਦਿਲ ਨਾ ਖੜ੍ਹੇ ਤਾਂ ਨਿਊਜ਼ੀਲੈਂਡ ਵਾਲੇ ਕਲਾਕਾਰ ਨੂੰ ਸੁਣਿਓ ‘ਤਖ਼ਤੇ ਨਹੀਂ ਪਲਟਾਉਣੇ ਸੱਜਣਾਂ ਵਿਕੀਆਂ ਵੋਟਾਂ ਨੇ।’
#ਚਰਨਜੀਤ ਭੁੱਲਰ