ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਦੀ ਜੂਠ ਤੇ ਸੁੱਕੀਆਂ ਰੋਟੀਆਂ ’ਚ ਇਕ ਕਰੋੜ ਦੀ ਹੋਈ ਹੇਰਾਫੇਰੀ

0
79

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਜੂਠ ਦਾ ਠੇਕਾ, ਸੁੱਕੀਆਂ ਰੋਟੀਆਂ ਦੀ ਵਿਕਰੀ, ਚੋਕਰ ਰੂਲਾ, ਮਾਂਹ ਤੇ ਝੋਨੇ ਆਦਿ ਚੜ੍ਹਾਵੇ ਦੀਆਂ ਵਸਤਾਂ ਦੀ ਪਹਿਲੀ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਕੀਤੀ ਗਈ ਨਿਲਾਮੀ/ਵਿਕਰੀ ’ਚ ਲਗਪਗ ਇਕ ਕਰੋੜ ਦੀ ਹੇਰਾਫੇਰੀ ਸਾਹਮਣੇ ਆਈ ਹੈ। ਇਸ ਦੀ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ। 62 ਲੱਖ ਦੀ ਹੇਰਾਫੇਰੀ ਤੋਂ ਸ਼ੁਰੂ ਹੋਈ ਇਹ ਪੜਤਾਲ ਹੁਣ ਕਰੀਬ ਇਕ ਕਰੋੜ ਰੁਪਏ ਤੱਕ ਪੁੱਜ ਗਈ ਹੈ। ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਦੋ ਸਟੋਰਕੀਪਰਾਂ ਨੂੰ ਮੁਅੱਤਲ ਕਰ ਕੇ ਲੱਖਾਂ ਰੁਪਏ ਵਸੂਲਣ ਦਾ ਆਦੇਸ਼ ਦਿੱਤਾ ਸੀ। ਦੋ ਸਟੋਰਕੀਪਰਾਂ ਵੱਲੋਂ ਰਕਮ ਜਮ੍ਹਾਂ ਨਾ ਕਰਵਾਉਣ ਕਾਰਨ ਉਪਰੋਕਤ ਸਮੇਂ ਦੌਰਾਨ ਜਿੰਨੇ ਵੀ ਮੈਨੇਜਰਾਂ ਦੇ ਹੇਰਾਫੇਰੀ ਨਾਲ ਸਬੰਧਤ ਵੋਚਰਾਂ ’ਤੇ ਦਸਤਖਤ ਹਨ ਉਨ੍ਹਾਂ ਸਾਰਿਆਂ ਨੂੰ ਬਣਦੀ ਰਕਮ ਜਮ੍ਹਾਂ ਕਰਵਾਉਣ ਦੇ ਆਦੇਸ਼ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਹਨ। ਡੇਢ ਦਰਜਨ ਦੇ ਕਰੀਬ ਮੈਨੇਜਰ, ਸਟੋਰਕੀਪਰ, ਸੁਪਰਵਾਈਜ਼ਰ, ਇੰਸਪੈਕਟਰ ਆਦਿ ਇਸ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਏ ਗਏ ਹਨ। ਪਹਿਲਾਂ ਤਾਂ ਸਿਰਫ 2 ਸਟੋਰਕੀਪਰ ਹੀ ਜ਼ਿੰਮੇਵਾਰ ਮੰਨੇ ਗਏ ਸਨ। ਪੈਸੇ ਜਮ੍ਹਾਂ ਕਰਵਾਉਣ ਲਈ ਢਿੱਲਮੱਠ ਅਪਣਾਈ ਜਾ ਰਹੀ ਹੈ। ਇਸ ਹੇਰਾਫੇਰੀ ’ਚ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਮੈਨੇਜਰ ਸਮੇਤ ਤਿੰਨ ਸੇਵਾਮੁਕਤ ਮੈਨਜਰਾਂ ਨਾਂ ਵੀ ਆ ਚੁੱਕਾ ਹੈ। ਮੈਨੇਜਰ ਸਮੇਤ ਕੁਝ ਮੁਲਾਜ਼ਮ ਆਪਣੇ-ਆਪ ਨੂੰ ਨਿਰਦੋਸ਼ ਦੱਸਦੇ ਹੋਏ ਖਾਤੇ ਪਈ ਰਕਮ ਜਮ੍ਹਾਂ ਕਰਵਾਉਣ ਤੋਂ ਇਨਕਾਰੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਹੇਰਾਫੇਰੀ ਕੀਤੀ ਹੈ ਉਹ ਹੀ ਜੁਰਮਾਨਾ ਭਰਨਗੇ।