ਬੈਂਕਾਂ ਨਾਲ ਹੋਇਆ 70,000 ਕਰੋੜ ਦਾ ਫਰਾਡ

0
315

ਨਵੀਂ ਦਿੱਲੀ : ਮਾਰਚ 2018 ਤੱਕ ਪਿਛਲੇ ਤਿੰਨ ਵਿੱਤੀ ਸਾਲਾਂ ਦੌਰਾਨ ਧੋਖਾਧੜੀਆਂ ਕਾਰਨ ਭਾਰਤੀ ਬੈਂਕਾਂ ਨੂੰ ਕਰੀਬ 70,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਅੱਜ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਆਰਬੀਆਈ ਦੇ ਅੰਕੜਿਆਂ ਦੇ ਹਵਾਲੇ ਨਾਲ ਰਾਜ ਸਭਾ ਵਿੱਚ ਦਿੱਤੀ।
ਮੰਤਰੀ ਨੇ ਦੱਸਿਆ ਕਿ 2015-16, 2016-17 ਅਤੇ 2017-18 ਵਿੱਚ ਸ਼ਡਿਊਲਡ ਕਮਰਸ਼ੀਅਲ ਬੈਂਕਾਂ (ਐਸਸੀਬੀਜ਼) ਨੂੰ ਫਰਾਡ ਦੇ ਕੇਸਾਂ ਕਾਰਨ ਕ੍ਰਮਵਾਰ 16409 ਕਰੋੜ ਰੁਪਏ, 16652 ਕਰੋੜ ਰੁਪਏ ਅਤੇ 36694 ਕਰੋੜ ਰੁਪਏ ਦਾ ਨੁਕਸਾਨ ਉਠਾਉਣਾ ਪਿਆ। ਉਨ੍ਹਾਂ ਕਿਹਾ ਕਿ ਐਸਸੀਬੀਜ਼ ਵੱਲੋਂ ਕੁੱਲ ਕਰਜ਼ਿਆਂ ਦੀ ਦਰ 31 ਮਾਰਚ 2008 ਵਿੱਚ 25.03 ਲੱਖ ਕਰੋੜ ਰੁਪਏ ਸੀ ਜੋ 31 ਮਾਰਚ 2014 ਤੱਕ ਵਧ ਕੇ 68.75 ਕਰੋੜ ਰੁਪਏ ਹੋ ਗਏ ਸਨ। ਬੈਂਕਿੰਗ ਖੇਤਰ ਵਿੱਚ ਅਣਮੁੜੇ ਕਰਜ਼ਿਆਂ ਦਾ ਜ਼ਿਕਰ ਕਰਦਿਆਂ ਸ੍ਰੀ ਸ਼ੁਕਲਾ ਨੇ ਜ਼ਾਰਿਹਾਨਾ ਕਰਜ਼ ਵਿਧੀਆਂ, ਕਰਜ਼ੇ ਮੋੜਨ ਤੋਂ ਟਾਲਮਟੋਲ , ਲੋਨ ਫਰਾਡ ਤੇ ਕੁਝ ਕੇਸਾਂ ਵਿੱਚ ਭ੍ਰਿਸ਼ਟਾਚਾਰ ਇਸ ਰੁਝਾਨ ਦੇ ਕਾਰਨ ਗਿਣਾਏ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਰਬੀਆਈ ਡੇਟਾ ਅਨੁਸਾਰ ਅਜਿਹੇ ਕੁੱਲ 139 ਕਰਜ਼ਦਾਰ ਹਨ ਜਿਨ੍ਹਾਂ ਵੱਲੋਂ 1000 ਕਰੋੜ ਰੁਪਏ ਤੋਂ ਵੱਧ ਐਨਪੀਏਜ਼ (ਅਣਮੁੜੇ ਕਰਜ਼ੇ ਦੇ ਬਕਾਏ) ਹਨ। ਆਰਬੀਆਈ ਨੇ ਜੂਨ 2017 ਵਿਚ ਬੈਂਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਕਿ 12 ਕਰਜ਼ਦਾਰਾਂ ਦੇ ਮਾਮਲੇ ਵਿੱਚ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ ਆਈਪੀਸੀ ਤਹਿਤ ਕਾਰਪੋਰੇਟ ਰੈਜ਼ੋਲੂਸ਼ਨ ਪ੍ਰਾਸੈਸ ਤਹਿਤ ਕਾਰਵਾਈ ਸ਼ੁਰੂ ਕੀਤੀ ਜਾਵੇ। ਇਨ੍ਹਾਂ 12 ਕਰਜ਼ਦਾਰਾਂ ਵੱਲੋਂ 31 ਮਾਰਚ 2017 ਤੱਕ 197769 ਕਰੋੜ ਰੁਪਏ ਦਾ ਕਰਜ਼ਾ ਖੜਾ ਸੀ।