ਫੀਫਾ : ਸਟੇਡੀਅਮਾਂ ‘ਚ ‘ਅਲਕੋਹਲ’ ਵਾਲੀ ਬੀਅਰ ਦੀ ਵਿਕਰੀ ‘ਤੇ ਲਾਈ ਰੋਕ

0
128

ਦੋਹਾ (ਏਪੀ) : ਵਿਸ਼ਵ ਕੱਪ ਦੇ ਅੱਠ ਸਟੇਡੀਅਮਾਂ ‘ਚ ਅਲਕੋਹਲ ਵਾਲੀ ਬੀਅਰ ਦੀ ਵਿਕਰੀ ‘ਤੇ ਸ਼ੁੱਕਰਵਾਰ ਨੂੰ ਪਾਬੰਦੀ ਲਾ ਦਿੱਤੀ ਗਈ। ਇਹ ਫ਼ੈਸਲਾ ਫੀਫਾ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਕੀਤਾ ਗਿਆ। ਅਲਕੋਹਲ ਮੁਕਤ ਬੀਅਰ ਦੇਸ਼ ਵਿਚ ਹੋਣ ਵਾਲੇ 64 ਮੈਚਾਂ ਵਿਚ ਵੇਚੀ ਜਾਵੇਗੀ।
ਫੀਫਾ ਨੇ ਇਕ ਬਿਆਨ ਵਿਚ ਕਿਹਾ ਕਿ ਮੇਜ਼ਬਾਨ ਦੇਸ਼ ਦੇ ਅਧਿਕਾਰੀਆਂ ਤੇ ਫੀਫਾ ਵਿਚਾਲੇ ਚਰਚਾ ਤੋਂ ਬਾਅਦ ਸਟੇਡੀਅਮ ਦੀ ਹੱਦ ‘ਚੋਂ ਬੀਅਰ ਦੀ ਵਿਕਰੀ ਨੂੰ ਹਟਾ ਕੇ ਫੀਫਾ ‘ਫੈਨ ਫੈਸਟੀਵਲ’, ਪ੍ਰਸ਼ੰਸਕਾਂ ਦੀਆਂ ਹੋਰ ਥਾਵਾਂ ਤੇ ਲਾਇਸੰਸ ਹਾਸਲ ਥਾਵਾਂ ‘ਤੇ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ‘ਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸ਼ੈਂਪੇਨ, ਵਾਈਨ, ਵਿਸਕੀ ਤੇ ਹੋਰ ਅਲਕੋਹਲ ਸਟੇਡੀਅਮ ਦੇ ‘ਲਗਜ਼ਰੀ ਮਹਿਮਾਨ ਖੇਤਰਾਂ’ ‘ਚ ਪਰੋਸੇ ਜਾਣਗੇ। ਵਿਸ਼ਵ ਕੱਪ ਦੀ ਬੀਅਰ ਸਪਾਂਸਰ ਬਡਵਾਈਜਰ ਦੀ ਮੂਲ ਕੰਪਨੀ ਏਬੀ ਇਨਬੇਵ ਨੇ ਇਸ ਮਾਮਲੇ ‘ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਏਬੀ ਇਨਬੇਵ ਹਰੇਕ ਵਿਸ਼ਵ ਕੱਪ ਵਿਚ ਬੀਅਰ ਵੇਚਣ ਲਈ ਐਕਸਕਲੂਸਿਵ ਅਧਿਕਾਰਾਂ ਲਈ ਕਰੋੜਾਂ ਡਾਲਰ ਦੀ ਅਦਾਇਗੀ ਕਰਦੀ ਹੈ ਤੇ ਪ੍ਰਸ਼ੰਸਕਾਂ ਲਈ ਕਾਫੀ ਸਟਾਕ ਬਿ੍ਟੇਨ ਤੋਂ ਕਤਰ ਭੇਜ ਚੁੱਕੀ ਹੈ। ਜਦ ਕਤਰ ਨੇ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਬੋਲੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤਾਂ ਦੇਸ਼ ਨੇ ਫੀਫਾ ਦੇ ਵਪਾਰਕ ਹਿੱਸੇਦਾਰਾਂ ਦਾ ਸਨਮਾਨ ਕਰਨ ‘ਤੇ ਸਹਿਮਤੀ ਜ਼ਾਹਰ ਕੀਤੀ ਸੀ ਤੇ ਅਜਿਹਾ 2010 ਵਿਚ ਵੋਟਿੰਗ ਜਿੱਤਣ ਤੋਂ ਬਾਅਦ ਕਰਾਰ ‘ਤੇ ਹਸਤਾਖਰ ਕਰਦੇ ਸਮੇਂ ਵੀ ਕੀਤਾ ਸੀ। ਬ੍ਰਾਜ਼ੀਲ ਵਿਚ 2014 ਵਿਸ਼ਵ ਕੱਪ ਵਿਚ ਮੇਜ਼ਬਾਨ ਦੇਸ਼ ਨੂੰ ਸ਼ਰਾਬ ਦੀ ਵਿਕਰੀ ਦੀ ਇਜਾਜ਼ਤ ਲਈ ਇਕ ਨਿਯਮ ਵਿਚ ਤਬਦੀਲੀ ਕਰਨ ‘ਤੇ ਮਜਬੂਰ ਹੋਣਾ ਪਿਆ ਸੀ।