ਪੰਜਾਬੀਆਂ ਲਈ ਖੁਸ਼ਖਬਰੀ:ਅੰਮ੍ਰਿਤਸਰ ਤੋਂ ਕੁਆਲਾਲੰਪੁਰ ਦੀ ਸਿੱਧੀ ਉਡਾਣ 16 ਅਗਸਤ ਤੋਂ

0
970

ਅੰਮ੍ਰਿਤਸਰ – ਅੰਮ੍ਰਿਤਸਰ ਏਅਰਪੋਰਟ ਤੋਂ ਮਲੇਸ਼ੀਆ ਦੇ ਕੁਆਲਾਲੰਪੁਰ ਦੀ ਸਿੱਧੀ ਉਡਾਣ ਸ਼ੁਰੂ ਹੋਣ ਦਾ ਐਲਾਨ ਅੱਜ ਏਅਰ ਏਸ਼ੀਆ ਐਕਸ ਨੇ ਕੀਤੀ ਹੈ। 16 ਅਗਸਤ ਨੂੰ ਹਫ਼ਤੇ ਵਿਚ 4 ਦਿਨ ਜਾਣ ਵਾਲੀ ਇਸ ਉਡਾਣ ਨੂੰ 380 ਯਾਤਰੀਆਂ ਦੀ ਸਮਰੱਥਾ ਰੱਖਣ ਵਾਲੇ ਏਅਰ ਬੱਸ ਏ-330 ਨੂੰ ਆਕਾਸ਼ ‘ਚ ਉਤਾਰਿਆ ਜਾਵੇਗਾ। ਅੰਮ੍ਰਿਤਸਰ ਤੋਂ 2400 ਏਅਰੋ ਨਾਟੀਕਲ ਮੀਲ ਦਾ ਸਫਰ ਇਹ ਜਹਾਜ਼ 5 ਘੰਟੇ 55 ਮਿੰਟ ਵਿਚ ਤੈਅ ਕਰੇਗਾ। ਏਅਰ ਏਸ਼ੀਆ ਐਕਸ ਦੇ ਚੀਫ ਐਗਜ਼ੀਕਿਊਟਿਵ ਅਫਸਰ (ਸੀ. ਈ. ਓ.) ਬੋਨੀਆਮੀਨ ਇਸਮਾਇਲ ਨੇ ਦੱਸਿਆ ਕਿ ਸੰਸਾਰ ਪੱਧਰ ‘ਤੇ ਪ੍ਰਸਿੱਧ ਗੋਲਡਨ ਟੈਂਪਲ ਦੇ ਨਗਰ ਅੰਮ੍ਰਿਤਸਰ ਲਈ ਸਿੱਧੀ ਕੁਨੈਕਟੀਵਿਟੀ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਲਈ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਉਡਾਣ ਤੋਂ ਯੂਰਪ, ਉੱਤਰੀ ਅਮਰੀਕਾ ਦੇ ਖੇਤਰਾਂ ਵਿਚ ਵਿਸਤਾਰ ਦੀਆਂ ਸੰਭਾਵਨਾਵਾਂ ਵਧਣਗੀਆਂ।
ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾਣ ਵਾਲੇ ਹਵਾਈ ਯਾਤਰੀਆਂ ਲਈ ਇਸ ਰਸਤੇ ‘ਚ ਪ੍ਰਤੀ ਸਾਲ 1,56,000 ਸੀਟਾਂ ਦੀ ਸਮਰੱਥਾ ਹੈ, ਜਦੋਂ ਕਿ ਇਸ ਵਿਚ ਸਿਰਫ 3555 ਰੁਪਏ ਕਿਰਾਇਆ ਰੱਖਿਆ ਗਿਆ ਹੈ ਤੇ ਪ੍ਰੀਮੀਅਮ ਕਲਾਸ ਲਈ ਇਸ ਦਾ ਕਿਰਾਇਆ 11,900 ਰੁਪਏ ਤੈਅ ਕੀਤਾ ਗਿਆ ਹੈ।
ਇਸ ਮੌਕੇ ਮੌਜੂਦ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਪੰਜਾਬੀਆਂ ਸਗੋਂ ਵਿਦੇਸ਼ੀ ਟੂਰਿਸਟਾਂ ਲਈ ਵੀ ਸਹੂਲਤ ਹੋਵੇਗੀ। ਜਿਥੇ ਆਸਟਰੇਲੀਆ, ਨਿਊਜ਼ੀਲੈਂਡ ‘ਚ ਰਹਿਣ ਵਾਲੇ ਪੰਜਾਬੀ ਲੋਕ ਵੀ ਅੰਮ੍ਰਿਤਸਰ ਦੀ ਯਾਤਰਾ ਕਰ ਸਕਣਗੇ, ਉਥੇ ਹੀ ਮੈਲਬੋਰਨ, ਸਿਡਨੀ, ਸਿੰਗਾਪੁਰ, ਬਾਲੀ ਅਤੇ ਬੈਕਾਂਕ ਤੋਂ ਵੀ ਆਉਣ ਵਾਲੇ ਯਾਤਰੀਆਂ ਨੂੰ ਇਸ ਉਡਾਣ ਦੀ ਸਹੂਲਤ ਮਿਲੇਗੀ।

ਇਸ ਮੌਕੇ ਆਯੋਜਿਤ ਸਮਾਰੋਹ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭੰਗੜਾ ਟੀਮ ਨਾਲ ਜੰਮ ਕੇ ਭੰਗੜਾ ਪਾਇਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।