ਪ੍ਰਦੂਸ਼ਨ ਕਾਰਨ ਹਰ ਤੀਜੇ ਬੱਚੇ ਦਾ ਫੇਫੜਾ ਖਰਾਬ

0
622

ਨਵੀਂ ਦਿੱਲੀ: ਇੱਕ ਨਵੀਂ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਦਿੱਲੀ ਵਿੱਚ ਹਰ ਤੀਜੇ ਬੱਚੇ ਦਾ ਫੇਫੜਾ ਖਰਾਬ ਹੈ। ਇਸ ਰਿਸਰਚ ਵਿੱਚ ਪ੍ਰਦੂਸ਼ਿਤ ਹਵਾ ਤੇ ਇਨਸਾਨ ਦੀ ਮਾਨਸਿਕ ਹੈਲਥ ਵਿਚਾਲੇ ਸਬੰਧਾਂ ਦੀ ਜਾਂਚ ਕੀਤੀ ਗਈ ਹੈ। ਦਿੱਲੀ ਤੇ ਗੁਆਂਢੀ ਸੂਬੇ ਵਿੱਚ ਪ੍ਰਦੂਸ਼ਤ ਹਵਾ ਦੇ ਪੱਧਰ ਦਾ ਖਤਰੇ ਦੇ ਨਿਸ਼ਾਨ ‘ਤੇ ਪੁੱਜਣ ਤੋਂ ਕੁਝ ਦਿਨ ਬਾਅਦ ਇਹ ਰਿਸਰਚ ਸਾਹਮਣੇ ਆਈ ਹੈ। ਪ੍ਰਦੂਸ਼ਣ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਹਾਲਾਤ ਸੁਧਾਰਨ ਲਈ ਕਈ ਫੌਰੀ ਹੱਲ ਲੱਭਣੇ ਪਏ ਸਨ। ਦਿੱਲੀ ਵਿੱਚ ਹਾਲਾਤ ਇਹੋ ਜਿਹੇ ਰਹੇ ਤਾਂ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਵੇਗਾ।

ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿੱਚ ਉਮਰ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਵਿੱਚ 30 ਫੀਸਦੀ ਪ੍ਰਦੂਸ਼ਤ ਹਵਾ ਕਾਰਨ ਹੈ। ਸਾਲ 2016 ਵਿੱਚ ਤਿੰਨ ਕਰੋੜ ਲੋਕਾਂ ਨੂੰ ਮੁਲਕ ਵਿੱਚ ਅਸਥਮਾ ਦੀ ਬੀਮਾਰੀ ਸੀ। ਲਾਈਫਸਟਾਈਲ ਡਿਜ਼ੀਜ਼ ਨਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਹਰ ਤੀਜੇ ਬੱਚੇ ਦਾ ਫੇਫੜਾ ਖਰਾਬ ਹੈ। ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਦੂਸ਼ਤ ਹਵਾ ਤੇ ਮਾਨਸਿਕ ਹੈਲਥ ਵਿਚਾਲੇ ਡੂੰਘਾ ਸਬੰਧ ਹੈ ਤੇ ਕਈ ਪੱਖ ਅਜੇ ਅਣਸੁਲਝੇ ਹਨ।

ਰਿਪੋਰਟ ਕਹਿੰਦੀ ਹੈ ਕਿ ਸਾਲ 2020 ਤੱਕ ਹਰ ਸਾਲ ਕੈਂਸਰ ਦੇ 17.3 ਲੱਖ ਨਵੇਂ ਮਾਮਲੇ ਦਰਜ ਕੀਤੇ ਜਾਣਗੇ ਜਿਸ ਦਾ ਕਾਰਨ ਪ੍ਰਦੂਸ਼ਤ ਹਵਾ ਹੈ। ਮੁਲਕ ਵਿੱਚ 27 ਲੱਖ ਲੋਕਾਂ ਦੀ ਮੌਤ ਹਰ ਸਾਲ ਦਿਲ ਦੀਆਂ ਬੀਮਾਰੀਆਂ ਕਾਰਨ ਹੁੰਦੀ ਹੈ। ਇਨ੍ਹਾਂ ਵਿੱਚ 52 ਫੀਸਦੀ ਦੀ ਉਮਰ 70 ਸਾਲ ਤੋਂ ਘੱਟ ਹੁੰਦੀ ਹੈ।