ਪੂਰੇ ਉੱਤਰੀ ਭਾਰਤ ”ਚ ਪੈਟਰੋਲ ”ਤੇ ਇਕ ਬਰਾਬਰ ਹੋ ਸਕਦੈ ਵੈਟ!

0
283

ਚੰਡੀਗੜ੍ਹ : ਉੱਤਰੀ ਭਾਰਤ ‘ਚ ਡੀਜ਼ਲ ਤੇ ਪੈਟਰੋਲ ‘ਤੇ ਵੈਟ ਦੀਆਂ ਦਰਾਂ ਇਕ ਬਰਾਬਰ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਪੰਜਾਬ ਦੀ ਪਹਿਲ ‘ਤੇ ਮੰਗਲਵਾਰ ਨੂੰ ਦਿੱਲੀ ‘ਚ 6 ਉੱਤਰੀ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਮੀਟਿੰਗ ਹੋਵੇਗੀ, ਜਿਸ ‘ਚ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਦਰ ਸਭ ਤੋਂ ਜ਼ਿਆਦਾ ਹੈ। ਪੈਟਰੋਲੀਅਮ ਡੀਲਰਜ਼ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਵੈਟ ਘਟਾਇਆ ਜਾਵੇ। ਡੀਲਰਾਂ ਦੀ ਦਲੀਲ ਹੈ ਕਿ ਵੈਟ ਦੀਆਂ ਦਰਾਂ ਜ਼ਿਆਦਾ ਹੋਣ ਕਾਰਨ ਪੰਜਾਬ ‘ਚੋਂ ਕਾਫੀ ਕਾਰੋਬਾਰ ਗੁਆਂਢੀ ਸੂਬਿਆਂ ‘ਚ ਤਬਦੀਲ ਹੋ ਰਿਹਾ ਹੈ। ਇਸ ਕਾਰਨ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਮਿਲ ਕੇ ਵੈਟ ਦੀਆਂ ਦਰਾਂ ਬਰਾਬਰ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਮਨਪ੍ਰੀਤ ਦੀ ਪਹਿਲ ‘ਤੇ ਮੰਗਲਵਾਰ ਨੂੰ ਉੱਤਰੀ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਮੀਟਿੰਗ ਹੋਵੇਗੀ, ਜਿਸ ‘ਚ ਪੰਜਾਬ ਤੋਂ ਇਲਾਵਾ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਦੇ ਵਿੱਤ ਮੰਤਰੀ ਅਤੇ ਅਧਿਕਾਰੀ ਸ਼ਾਮਲ ਹੋਣਗੇ। ਪੰਜਾਬ ਦੀ ਮੰਗ ਹੈ ਕਿ ਗੁਆਂਢੀ ਸੂਬੇ ਪੈਟਰੋਲ ‘ਤੇ ਵੈਟ ਘੱਟ ਕਰਨ ਤਾਂ ਜੋ ਪੈਟਰੋਲ ਦੀਆਂ ਕੀਮਤਾਂ ਪੰਜਾਬ ਦੇ ਆਸ-ਪਾਸ ਆ ਜਾਣ ਪਰ ਮੀਟਿੰਗ ‘ਚ ਅਜਿਹਾ  ਫਾਰਮੂਲਾ ਬਣ ਸਕਦਾ ਹੈ ਕਿ ਪੰਜਾਬ ਡੀਜ਼ਲ ‘ਤੇ ਥੋੜ੍ਹਾ ਵੈਟ ਵਧਾ ਦੇਵੇ ਅਤੇ ਗੁਆਂਢੀ ਸੂਬੇ ਪੈਟਰੋਲ ‘ਤੇ ਵੈਟ ਘਟਾ ਦੇਣ।