ਕੁੱਤਿਆਂ ਦੀ ਲੜਾਈ ’ਚ ਸੁਰੱਖਿਆ ਗਾਰਡ ਨੇ ਗੋਲੀਆਂ ਚਲਾ ਕੇ ਦੋ ਵਿਅਕਤੀ ਮਾਰੇ

0
195

ਇੰਦੌਰ : ਇਥੇ ਵੀਰਵਾਰ ਦੇਰ ਰਾਤ ਪਾਲਤੂ ਕੁੱਤਿਆਂ ਦੀ ਲੜਾਈ ਤੋਂ ਬਾਅਦ ਬੈਂਕ ਦੇ ਸੁਰੱਖਿਆ ਗਾਰਡ ਵੱਲੋਂ ਕੀਤੀ ਗੋਲੀਬਾਰੀ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਆਫ਼ ਬੜੌਦਾ ਦੀ ਸਥਾਨਕ ਸ਼ਾਖਾ ਵਿੱਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਰਾਜਪਾਲ ਰਾਜਾਵਤ ਨੇ ਪਾਲਤੂ ਕੁੱਤਿਆਂ ਦੀ ਲੜਾਈ ਕਾਰਨ ਹੋਏ ਝਗੜੇ ਵਿੱਚ ਵੀਰਵਾਰ ਦੇਰ ਰਾਤ ਖਜਰਾਨਾ ਥਾਣਾ ਖੇਤਰ ਵਿੱਚ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀਬਾਰੀ ਕੀਤੀ। ਗੋਲੀਬਾਰੀ ‘ਚ ਵਿਮਲ (35) ਅਤੇ ਰਾਹੁਲ ਵਰਮਾ (28) ਦੀ ਮੌਤ ਹੋ ਗਈ, ਜਦਕਿ ਛੇ ਜ਼ਖ਼ਮੀ ਹਸਪਤਾਲ ‘ਚ ਇਲਾਜ ਅਧੀਨ ਹਨ। ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਰਾਜਾਵਤ ਕ੍ਰਿਸ਼ਨਬਾਗ ਕਲੋਨੀ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਘੁੰਮਾ ਰਿਹਾ ਸੀ। ਇਸ ਕੁੱਤੇ ਨੇ ਗੁਆਂਢੀ ਦੇ ਕੁੱਤੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਦੋਵਾਂ ਗੁਆਂਢੀਆਂ ਵਿਚਾਲੇ ਬਹਿਸ ਹੋ ਗਈ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਰਾਜਾਵਤ ਆਪਣੇ ਘਰ ਚਲਾ ਗਿਆ ਅਤੇ ਛੱਤ ‘ਤੇ ਖੜ੍ਹੇ ਹੋ ਕੇ ਹਵਾ ‘ਚ ਦੋ ਵਾਰ ਫਾਇਰ ਕੀਤੇ ਅਤੇ ਫਿਰ ਹੇਠਾਂ ਸੜਕ ‘ਤੇ ਖੜ੍ਹੇ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸੁਰੱਖਿਆ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ 12 ਬੋਰ ਦੀ ਦੋਨਾਲੀ ਬੰਦੂਕ ਵੀ ਬਰਾਮਦ ਕੀਤੀ ਗਈ ਹੈ।