ਕੀ ਭਾਅ ਵਿਕੂ ‘ਭੰਗ’

0
204

ਟੋਰਾਂਟੋ — ਕੈਨੇਡਾ ‘ਚ ਅਗਲੇ ਸਾਲ ਮਰੀਜੁਆਨਾ (ਭੰਗ) ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਤੋਂ ਪਹਿਲਾਂ ਸੂਬਾ ਸਰਕਾਰਾਂ ਲਈ ਸਭ ਤੋਂ ਵੱਡਾ ਕੰਮ ਇਸ ਦੀ ਕੀਮਤ ਤੈਅ ਕਰਨਾ ਹੈ ਤਾਂ ਕਿ ਨਾਜਾਇਜ਼ ਵਿਕਰੀ ਦੇ ਰਾਹ ਬੰਦ ਕੀਤੇ ਜਾ ਸਕਣ। ਓਨਟਾਰੀਓ ਸਰਕਾਰ ਇਸ ਮੁੱਦੇ ‘ਤੇ ਹੋਰਨਾਂ ਸੂਬਿਆਂ ਨਾਲ ਲਗਾਤਾਰ ਸੰਪਰਕ ‘ਚ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਮਰੀਜੁਆਨਾ ਦੀ ਕੀਮਤ 10 ਡਾਲਰ ਪ੍ਰਤੀ ਗ੍ਰਾਮ ਤੈਅ ਕੀਤੀ ਜਾ ਸਕਦੀ ਹੈ।
ਓਨਟਾਰੀਓ ‘ਚ ਮਰੀਜੁਆਨਾ ਦੇ ਵਰਤੋਕਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਸ ਕੀਮਤ ਦੇ ਆਧਾਰ ‘ਤੇ ਸੂਬਾ ਸਰਕਾਰ ਨੂੰ 10 ਕਰੋੜ ਡਾਲਰ ਸਾਲਾਨਾ ਦੀ ਟੈਕਸ ਆਮਦਨ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਅਮਰੀਕਾ ਦੇ 8 ਸੂਬਿਆਂ ‘ਚ ਮਰੀਜੁਆਨਾ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ ਅਤੇ ਕੋਲਰਾਡੋ ਸੂਬੇ ਨੂੰ 2014 ਤੋਂ ਹੁਣ ਤੱਕ ਟੈਕਸਾਂ ਦੇ ਰੂਪ ‘ਚ 50 ਕਰੋੜ ਡਾਲਰ ਤੋਂ ਵਧ ਕਮਾਈ ਹੋ ਚੁੱਕੀ ਹੈ। ਨਿਊ ਬਰਨਜ਼ਵਿਕ ਸੂਬੇ ਨੇ ਮਰੀਜੁਆਨਾ ਦੀ ਸਪਲਾਈ ਲਈ ਪਿਛਲੇ ਹਫਤੇ 2 ਫਰਮਾਂ ਨਾਲ ਸਮਝੌਤੇ ‘ਤੇ ਦਸਤਖਤ ਕੀਤੇ ਅਤੇ ਓਨਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੌਸਾ ਨੂੰ ਵੀ 10 ਡਾਲਰ ਪ੍ਰਤੀ ਗ੍ਰਾਮ ਦਾ ਭਾਅ ਵਾਜਬ ਨਜ਼ਰ ਆ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ”ਮਰੀਜੁਆਨਾ ਦੀ ਕੀਮਤ ਬਾਰੇ ਵਿਚਾਰ ਵਟਾਂਦਰੇ ਦਾ ਦੌਰ ਜਾਰੀ ਹੈ ਅਤੇ ਅਸੀਂ ਕੈਨੇਡਾ ਦੇ ਸਾਰੇ ਰਾਜਾਂ ਨਾਲ ਤਾਲਮੇਲ ਦੇ ਆਧਾਰ ‘ਤੇ ਕੀਮਤ ਤੈਅ ਕੀਤੇ ਜਾਣ ਦੇ ਪੱਖ ‘ਚ ਹਾਂ। ਜ਼ਿਕਰਯੋਗ ਹੈ ਕਿ ਮਰੀਜੁਆਨਾ ਦੀ ਕੀਮਤ ਅਤੇ ਟੈਕਸ ਨਾਲ ਸਬੰਧਤ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨ ਸਈ ਸੂਬਾਈ ਵਿੱਤ ਮੰਤਰੀਆਂ ਦੀ ਮੀਟਿੰਗ ਇਸ ਸਾਲ ਦੇ ਆਖਿਰ ‘ਚ ਹੋਣ ਦੀ ਸੰਭਾਵਨਾ ਹੈ।
ਆਲੋਚਕ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਕਿ ਮਰੀਜੁਆਨਾ ਦੀ ਵਿਕਰੀ ‘ਤੇ ਸਰਕਾਰ ਦਾ ਏਕਾਧਿਕਾਰ ਹੋਣ ਦੇ ਬਾਵਜੂਦ ਕਾਲੇ ਬਾਜ਼ਾਰ ਨੂੰ ਖਤਮ ਕਰਨਾ ਮੁਸ਼ਕਿਲ ਹੋਵੇਗਾ। ਸੂਬਾ ਸਰਕਾਰ ਕਾਲੇ ਬਾਜ਼ਾਰ ਦੀਆਂ ਜੜਾਂ ਫੈਲਣ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ, ਜਿਸ ਤਹਿਤ ਮਰੀਜੁਆਨਾ ਦੀ ਵਿਕਰੀ ਲਈ 150 ਸਟੋਰ ਸਥਾਪਤ ਕੀਤੇ ਜਾਣਗੇ। ਤਜਵੀਜ਼ਸ਼ੁਦਾ ਸਟੋਰਾਂ ‘ਚ 8 ਪਹਿਲੀ ਜੁਲਾਈ 2019 ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ 2020 ਤੱਕ ਇਨ੍ਹਾਂ ਦੀ ਗਿਣਤੀ 150 ਤੱਕ ਲਿਜਾਈ ਜਾਵੇਗੀ। ਮਰੀਜੁਆਨਾ ਦੀ ਆਨਲਾਈਨ ਵਿਕਰੀ ਜੁਲਾਈ 2018 ਤੋਂ ਹੀ ਸ਼ੁਰੂ ਹੋ ਜਾਵੇਗੀ। ਮਰੀਜੁਆਨਾ ਦੀ ਵਿਕਰੀ ਸਬੰਧੀ ਯੋਜਨਾ ਪੇਸ਼ ਕਰਨ ਵਾਲਾ ਓਨਟਾਰੀਓ, ਕੈਨੇਡਾ ਦਾ ਪਹਿਲਾਂ ਸੂਬਾ ਬਣ ਗਿਆ ਹੈ।
ਸੂਬਾ ਸਰਕਾਰ ਦੀ ਯੋਜਨਾ ਤਹਿਤ ਮਰੀਜੁਆਨਾ ਅਤੇ ਸ਼ਰਾਬ ਦੀ ਵਿਕਰੀ ਇਕੋਂ ਥਾਂ ‘ਤੇ ਨਹੀਂ ਕੀਤੀ ਜਾਵੇਗੀ। ਲੀਕੁਅਰ ਕੰਟਰੋਲ ਬੋਰਡ ਮਰੀਜੁਆਨਾ ਦੀ ਕਾਨੂੰਨੀ ਵਿਕਰੀ ਦੀ ਨਿਗਰਾਨੀ ਕਰੇਗਾ। ਇਸ ਤੋਂ ਇਲਾਵਾ ਓਨਟਾਰੀਓ ਦੇ ਲੋਕਾਂ ਨੂੰ ਜਨਤਕ ਥਾਵਾਂ, ਕਾਰਾਂ ਅਤੇ ਕੰਮ ਵਾਲੀਆਂ ਥਾਵਾਂ ‘ਤੇ ਮਰੀਜੁਆਨਾ ਦੀ ਵਰਤੋਂ ਕਰਨਾ ਦਾ ਹੱਕ ਨਹੀਂ ਹੋਵੇਗਾ। ਸੂਬੇ ਦੇ ਲੋਕ ਸਿਰਫ ਆਪਣੇ ਘਰਾਂ ‘ਚ ਹੀ ਮਰੀਜੁਆਨਾ ਦਾ ਇਸਤੇਮਾਲ ਕਰ ਸਕਣਗੇ। ਜੇ 19 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਕੋਲ ਮਰੀਜੁਆਨਾ ਮਿਲਦਾ ਹੈ ਤਾਂ ਪੁਲਸ ਨੂੰ ਜ਼ਬਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਕੈਨੇਡਾ ‘ਚ ਜੁਲਾਈ 2018 ਤੋਂ ਮਰੀਜੁਆਨਾ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਣੀ ਹੈ। ਜਿਸ ਨਾਲ ਸਾਰੇ ਬਾਲਗਾਂ ਨੂੰ ਆਪਣੇ ਕੋਲ 30 ਗ੍ਰਾਮ ਮਰੀਜੁਆਨਾ ਰੱਖਣ ਦੀ ਇਜਾਜ਼ਤ ਮਿਲ ਜਾਵੇਗੀ, ਜਦਕਿ ਹਰ ਘਰ ‘ਚ ਇਸ ਦੇ 4 ਬੂਟੇ ਲਾਏ ਜਾ ਸਕਣਗੇ। ਮਰੀਜੁਆਨਾ ਦੀ ਵਿਕਰੀ ਕਿਸ ਤਰੀਕੇ ਨਾਲ ਕੀਤੀ ਜਾਵੇ, ਇਹ ਸੂਬਾ ਸਰਕਾਰਾਂ ਆਪਣੇ ਤੌਰ ‘ਤੇ ਤੈਅ ਕਰਨਗੀਆਂ ਪਰ ਅਜੇ ਵੀ ਕਈ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਮਿਲ ਸਕਿਆ ਕਿ ਇਸ ਉਪਰ ਕਿੰਨਾ ਟੈਕਸ ਲਾਗੂ ਕੀਤਾ ਜਾਵੇਗਾ ਅਤੇ ਇਸ ਦੀ ਉਪਲੱਬਧਤਾ ਨੂੰ ਕਿਸ ਤਰੀਕੇ ਨਾਲ ਕਾਬੂ ਹੇਠ ਰੱਖਿਆ ਜਾਵੇਗਾ। ਜੇ ਸੂਬਾ ਸਰਕਾਰਾਂ ਜੁਲਾਈ 2018 ਤੱਕ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਨਹੀਂ ਕਰਦੀਆਂ ਚਾਂ ਫੈਡਰਲ ਸਰਕਾਰ ਵੱਲੋਂ ਡਾਕ ਸੇਵਾ ਰਾਹੀਂ ਕੈਨੇਡੀਅਨ ਲੋਕਾਂ ਨੂੰ ਮਰੀਜੁਆਨਾ ਮੁਹੱਈਆ ਕਰਾਉਣ ਦੀ ਯੋਜਨਾ ਹੈ। ਮੌਜੂਦਾ ਸਮੇਂ ‘ਚ ਸਿਰਫ ਮਰੀਜ਼ਾਂ ਨੂੰ ਹੀ ਡਾਕ ਰਾਹੀਂ ਮੈਡੀਕਲ ਮਰੀਜੁਆਨਾ ਭੇਜਿਆ ਜਾਂਦਾ ਹੈ।