‘ਆਪ’ ਦੀ ਖਿੱਚੋਤਾਣ ਕਾਰਨ ਪਰਵਾਸੀ ਪੰਜਾਬੀ ਨਿਰਾਸ਼

0
222

ਸਿਡਨੀ : ਆਮ ਆਦਮੀ ਪਾਰਟੀ, ਪੰਜਾਬ ਦੀ ਖਿਚੋਤਾਣ ਕਾਰਨ ਪਰਵਾਸੀ ਪੰਜਾਬੀਆਂ ਵਿੱਚ ਨਿਰਾਸ਼ਾ ਹੈ। ਉਹ ਲੀਡਰਸ਼ਿਪ ਤੋਂ ਕਾਫ਼ੀ ਔਖੇ ਹਨ। ਜਿਨ੍ਹਾਂ ਐੱਨਆਰਆਈਜ਼ ਨੇ ਪਾਰਟੀ ਆਗੂਆਂ ’ਤੇ ਭਾਰੀ ਖ਼ਰਚਾ ਕਰਕੇ ਮੀਟਿੰਗਾਂ ਲਈ ਫੰਡਜ਼ ਦਿੱਤੇ ਹਨ, ਹੁਣ ਉਹ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਪਾਰਟੀ ਦੇ ਇਹ ਆਗੂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਪੱਖ ਪੂਰਦੇ ਦਿਖਾਈ ਦਿੰਦੇ ਹਨ। ਉਨ੍ਹਾਂ ਭ੍ਰਿਸ਼ਟਾਚਾਰ, ਨਸ਼ਾ ਮੁਕਤ ਤੇ ਖੁਸ਼ਹਾਲ ਪੰਜਾਬ ਦਾ ਸੁਪਨਾ ਤੋੜਨ ਲਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕੋਸਿਆ।
ਵੱਖ-ਵੱਖ ਗੁਰਦੁਆਰਿਆਂ ਅਤੇ ਪਾਰਕਾਂ ਵਿੱਚ ਜਿਥੇ ਵੀ ਚਾਰ ਪੰਜਾਬੀ ਜੁੜਦੇ ਹਨ, ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਆਮ ਆਦਮੀ ਪਾਰਟੀ ਦੀ ਪਾਟੋ-ਧਾੜ ਬਣੀ ਹੋਈ ਹੈ। ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਪਾਰਕਲੀ ਦੇ ਕਰੀਬ ਡੇਢ ਦਹਾਕਾ ਸੇਵਾਦਾਰ ਰਹੇ ਅਤੇ ਆਸਟਰੇਲੀਅਨ ਆਰਮੀ ਵਿੱਚੋਂ ਸੇਵਾਮੁਕਤ ਸਾਰਜੰਟ ਮੇਜਰ ਕੁਲਦੀਪ ਸਿੰਘ ਨੇ ਸ੍ਰੀ ਖਹਿਰਾ ਨੂੰ ਮੁੜ ਅਹੁਦੇ ’ਤੇ ਬਹਾਲ ਕਰਨ ’ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਿਸ ਦਲੇਰੀ ਨਾਲ ਸ੍ਰੀ ਖਹਿਰਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਆਗੂਆਂ ਨਾਲ ਤਰਕ ਨਾਲ ਸ਼ਬਦੀ ਜੰਗ ਵਿੱਚ ਟੱਕਰ ਲੈਂਦਾ ਹੈ, ਉਸ ਦੀ ਮਿਸਾਲ ਕੀਤੇ ਹੋਰ ਨਹੀਂ ਮਿਲਦੀ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਸਟਰੇਲੀਆ ਆਏ ‘ਆਪ’ ਆਗੂ ਐੱਚ.ਐੱਸ. ਫੂਲਕਾ ਦੀ ਆਓ ਭਗਤ ਅਤੇ ਫੰਡ ਇਕੱਠਾ ਕਰਵਾਉਣ ਵਿੱਚ ਲੱਗੇ ਰਹੇ ਇੱਕ ਪਰਵਾਸੀ ਨੇ ਕਿਹਾ ਕਿ ਉਹ ਉਨ੍ਹਾਂ ਦੋਸਤਾ ਤੋਂ ਵੀ ਸ਼ਰਮਸਾਰ ਹੈ, ਜਿਨ੍ਹਾਂ ਪਾਸੋਂ ਚੋਣ ਫੰਡ ਲੈ ਕੇ ਪਾਰਟੀ ਦੇ ਲੇਖੇ ਲਾਇਆ।
ਪਹਿਲਾਂ ਪਾਰਟੀ ਆਗੂਆਂ ਨੇ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖ ਕੇ ਇੱਕ-ਦੂਜੇ ਨੂੰ ਠਿੱਬੀਆਂ ਲਾ ਕੇ ਪਾਰਟੀ ਨੂੰ ਖੋਰਾ ਲਾਇਆ। ਹੁਣ ਮਜ਼ਬੂਤ ਵਿਰੋਧੀ ਧਿਰ ਦੀ ਸ਼ਕਤੀ ਨੂੰ ਵੀ ਕਮਜ਼ੋਰ ਕਰ ਰਹੇ ਹਨ। ਇੱਕ ਹੋਰ ਨੇ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਕਨਵੀਨਰ ਦੇ ਅਹੁਦੇ ਤੋਂ ਲਾਹੁਣ ਲਈ ਆਸਟਰੇਲੀਆ ਤੋਂ ਗਈ ਚਿੱਠੀ ਦਾ ਹਵਾਲਾ ਹੁਣ ਤੱਕ ਰਾਜ਼ ਬਣਿਆ ਰਹਿਣਾ ਪਾਰਟੀ ਦੀ ਅੰਦਰੂਨੀ ਖਹਿਬਾਜ਼ੀ ਤੋਂ ਵੱਧ ਹੋਰ ਕੁਝ ਨਹੀਂ ਹੈ। ਇਹ ਪੰਜਾਬ ਲਈ ਮੰਦਭਾਗਾ ਹੀ ਹੈ।