ਡਾ. ਸਮਰਾ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਹੁਕਰੋੜੀ ਹੀਰਿਆਂ ਦਾ ਹਾਰ ਭੇਟ

0
308

ਸ੍ਰੀ ਪਟਨਾ ਸਾਹਿਬ : ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਸੰਚਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ ਬੇਸ਼ਕੀਮਤੀ ਹੀਰਿਆਂ ਨਾਲ ਜੜਿਆ ਹਾਰ ਅਤੇ ਤਿੰਨ ਫੁੱਟ ਲੰਬੀ ਸੋਨੇ ਦੀ ਕਿਰਪਾਨ ਗੁਰਦੁਆਰਾ ਕਮੇਟੀ ਦੀ ਹਾਜ਼ਰੀ ਵਿੱਚ ਭੇਟ ਕੀਤੀ। ਇਸ ਤੋਂ ਪਹਿਲਾਂ ਉਹ ਸੁੱਖ ਆਸਣ ਲਈ ਸੋਨੇ ਦੀ ਕਢਾਈ ਨਾਲ ਤਿਆਰ ਕੀਤੀ ਰਜਾਈ ਅਤੇ ਰੁਮਾਲਾ ਵੀ ਭੇਟ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਡਾ. ਸਮਰਾ ਕਰਤਾਰਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦਾ ਕਰਤਾਰਪੁਰ ਵਿਚ ਆਪਣਾ ਹਸਪਤਾਲ ਵੀ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗੌਹਰ-ਏ-ਮਸਕੀਨ ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਤਖ਼ਤ ਸਾਹਿਬ ਵਿਖੇ ਭੇਟ ਕੀਤੀਆਂ ਗਈਆਂ ਕੀਮਤੀ ਵਸਤਾਂ ਵਿੱਚ 1300 ਬੇਸ਼ਕੀਮਤੀ ਹੀਰੇ ਨੀਲਮ, ਪੰਨਾ, ਪੁਖਰਾਜ ਜੜੇ ਹਨ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਸੋਹੀ ਅਤੇ ਸਕੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਡਾ. ਸਮਰਾ ਨੇ ਕੁਝ ਦਿਨ ਪਹਿਲਾਂ ਸੋਨੇ ਦਾ ਪਲੰਗ ਅਤੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਬੇਸ਼ਕੀਮਤੀ ਹੀਰਿਆਂ ਨਾਲ ਜੜੀ ਸੋਨੇ ਦੀ ਕਲਗੀ ਭੇਟ ਕਰ ਚੁੱਕੇ ਹਨ।
ਇਸ ਸਬੰਧੀ ਡਾ. ਗੁਰਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਬੇਸ਼ਕੀਮਤੀ ਵਸਤਾਂ ਦੀ ਸੇਵਾ ਗੁਰੂ ਸਾਹਿਬ ਨੇ ਉਨ੍ਹਾਂ ਕੋਲੋਂ ਆਪ ਲਈ ਹੈ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗੌਹਰ-ਏ-ਮਸਕੀਨ ਗਿਆਨੀ ਰਣਜੀਤ ਸਿੰਘ ਨੇ ਡਾ. ਗੁਰਵਿੰਦਰ ਸਿੰਘ ਸਮਰਾ ਅਤੇ ਉਨ੍ਹਾਂ ਦੇ ਪੁੱਤਰ ਹਰਮਨਬੀਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।