ਕਿਸਾਨ ਸੰਘਰਸ਼ ਦੀ ਹਮਾਇਤ ਲਈ ਹਾਂਗਕਾਂਗ ਦੀਆਂ ਸੜਕਾਂ ‘ਤੇ ਡਟੇ ਨੌਜਵਾਨ

0
776

ਹਾਂਗਕਾਂਗ (ਜੰਗ ਬਹਾਦਰ ਸਿੰਘ)-ਦਿੱਲੀ ‘ਚ ਚੱਲ ਰਹੇ ਕਿਸਾਨ ਸੰਘਰਸ਼ ਦੇ ਲੰਬਾ ਹੋਣ ‘ਤੇ ਵਿਦੇਸ਼ਾਂ ‘ਚ ਵਸਦੇ ਭਾਈਚਾਰੇ ‘ਚ ਰੋਸ ਵਧਦਾ ਜਾ ਰਿਹਾ ਹੈ ਅਤੇ ਨੌਜਵਾਨਾਂ ‘ਚ ਭਾਰਤ ਸਰਕਾਰ ਪ੍ਰਤੀ ਗੁੱਸਾ ਦਿਨ ਪ੍ਰਤੀ ਦਿਨ ਵਧਦਾ ਦਿਖਾਈ ਦੇ ਰਿਹਾ ਹੈ | ਕਿਸਾਨ ਅੰਦੋਲਨ ਦੀ ਹਮਾਇਤ ‘ਚ ਅੱਜ ਹਾਂਗਕਾਂਗਦੇ ਜੰਮਪਲ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਆਪ ਮੁਹਾਰੇ ਹਾਂਗਕਾਂਗ ਦੀਆਂ ਸੜਕਾਂ, ਸ਼ਾਪਿੰਗ ਮਾਲ ਅਤੇ ਮਸ਼ਹੂਰ ਮਾਰਕੀਟਾਂ ‘ਚ ਹੱਥਾਂ ਵਿਚ ਬੈਨਰ ਫੜੀ ਅਤੇ ਇਸ਼ਤਿਹਾਰ ਲਹਿਰਾਉਂਦੇ ਲੋਕ ਜਾਗਰੂਕਤਾ ਲਈ ਮਾਰਚ ਕਰਨ ਲੱਗੇ | ਕੋਵਿਡ-19 ਪ੍ਰਤੀ ਹਾਂਗਕਾਂਗ ‘ਚ ਸਖ਼ਤ ਕੀਤੇ ਕਾਨੂੰਨਾਂ ਅਤੇ ਪਰਮਿਸ਼ਨ ਨਾ ਹੋਣ ਕਾਰਨ ਪ੍ਰਦਰਸ਼ਨ ਦੇ ਦਖ਼ਲ ਕਾਰਨ ਉਕਤ ਨੌਜਵਾਨ ਇਕੱਲੇ-ਇਕੱਲੇ ਅਤੇ ਛੋਟੇ ਇਕੱਠਾਂ ਵਿਚ ਹਾਂਗਕਾਂਗ ਦੇ ਮਸ਼ਹੂਰ ਇਲਾਕਿਆਂ ‘ਚ ਕਾਨੂੰਨ ਅਨੁਸਾਰ ਮੁਹਿੰਮ ਚਲਾਉਣ ਲੱਗੇ, ਜਿਸ ਦਾ ਹਾਂਗਕਾਂਗ ਵਸਦੇ ਸਿੰਧੀ, ਗੁਜਰਾਤੀ, ਬੰਗਾਲੀ, ਨਿਪਾਲੀ, ਚੀਨੀ, ਪਾਕਿਸਤਾਨੀ, ਫਿਲਪੀਨੀ, ਅਫ਼ਰੀਕੀ ਅਤੇ ਹੋਰ ਦੇਸ਼ਾਂ ਦੇ ਭਾਈਚਾਰਿਆਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਅਤੇ ਹਮਦਰਦੀ ਪ੍ਰਗਟ ਕੀਤੀ ਗਈ | ਨੌਜਵਾਨਾਂ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਦੋ ਪੜਾਵੀ ਦਸਤਖ਼ਤੀ ਮੁਹਿੰਮ ਵੀ ਚਲਾਈ ਗਈ, ਜਿਸ ਤਹਿਤ ਅੱਜ ਵਾਨ ਚਾਈ ਐੱਮ.ਟੀ.ਆਰ., ਚੁੰਗਕਿੰਗ ਮੈਨਸ਼ਨ ਅਤੇ ਚਿਮਚਾਸ਼ੂਈ ਦੇ ਮਸ਼ਹੂਰ ਇਲਾਕਿਆਂ ਵਿਚ ਦਸਤਖ਼ਤ ਕਰਵਾਏ ਗਏ | ਕੱਲ੍ਹ ਦੂਜੇ ਪੜਾਅ ਅਧੀਨ ਗੁਰਦੁਆਰਾ ਖ਼ਾਲਸਾ ਦੀਵਾਨਾ, ਥਿਨ-ਸੂਈ-ਵਾਈ, ਤੁੰਗ ਚੁੰਗ ਅਤੇ ਚੁੰਗਕਿੰਗ ਮੈਨਸ਼ਨ ਵਿਖੇ ਦਸਤਖ਼ਤ ਮੁਹਿੰਮ ਚਲਾਈ ਜਾਵੇਗੀ |