ਜੀਓ ਤੇ ਏਅਰਟੈੱਲ ਦੇ ਫਸੇ ਸਿੰਗ,

0
263

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਭਾਰਤੀ ਏਅਰਟੈੱਲ ਖਿਲਾਫ ਦੂਰਸੰਚਾਰ ਵਿਭਾਗ ‘ਚ ਸ਼ਿਕਾਇਤ ਦਰਜ ਕਰਾਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਏਅਰਟੈੱਲ ਐਪਲ ਵਾਚ ਸੀਰੀਜ਼ 3 ਤੇ ਈ-ਸਿਮ ਸੇਵਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਲਾਇਸੰਸ ਨੇਮਾਂ ਦਾ ਉਲੰਘਨ ਹੈ। ਜੀਓ ਨੇ ਇਸ ਦੀ ਸ਼ਿਕਾਇਤ ਕਰਦਿਆਂ ਇਸ ਸੇਵਾ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।
ਜੀਓ ਨੇ ਦੂਰਸੰਚਾਰ ਵਿਭਾਗ ਨੂੰ ਲਿਖੇ ਪੱਤਰ ‘ਚ ਇਹ ਦੋਸ਼ ਵੀ ਲਾਇਆ ਕਿ ਏਅਰਟੈੱਲ ਨੇ ਇਸ ਮਾਮਲੇ ‘ਚ ਈ-ਸਿਮ ਦੀ ਸਹੂਲਤ ਲਈ ਜ਼ਰੂਰੀ ਸਰਵਰ ਭਾਰਤ ਤੋਂ ਬਾਹਰ ਵਿਦੇਸ਼ਾਂ ‘ਚ ਲਾਏ ਹਨ। ਜਦਕਿ ਕੋਈ ਵੀ ਦੂਰਸੰਚਾਰ ਕੰਪਨੀ ਆਪਣੇ ਸਰਵਰ ਦੇਸ਼ ਤੋਂ ਬਾਹਰ ਨਹੀਂ ਲਾ ਸਕਦੀ।
ਦੂਜੇ ਪਾਸੇ ਏਅਰਟੈੱਲ ਨੇ ਜੀਓ ਦੀ ਸ਼ਿਕਾਇਤ ਖਾਰਜ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਗੰਭੀਰਤਾ ਨਹੀਂ। ਇੱਥੇ ਤਹਾਨੂੰ ਦੱਸ ਦਈਏ ਕਿ ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ਦੋਵਾਂ ਨੇ ਆਪਣੇ ਵਿਕਰੀ ਚੈਨਲਾਂ ਦੀ ਮਦਦ ਨਾਲ ਐਪਲ ਵਾਚ ਸੀਰੀਜ਼ 3 ਦੀ ਪੇਸ਼ਕਸ਼ ਕੀਤੀ ਸੀ। ਇਸ ਬਾਰੇ ਭਾਰਤੀ ਏਅਰਟੈੱਲ ਦੇ ਬੁਲਾਰੇ ਨੇ ਜੀਓ ਵੱਲੋਂ ਕੀਤੀ ਸ਼ਿਕਾਇਤ ਨੂੰ ਝੂਠਾ ਕਰਾਰ ਦਿੰਦਿਆ ਦੱਸਿਆ ਕਿ ਜੀਓ ਅਜਿਹਾ ਕਰਕੇ ਏਕਾਧਿਕਾਰ ਜਮਾਉਣਾ ਚਾਹੁੰਦਾ ਹੈ ਜਦਕਿ ਭਾਰਤੀ ਏਅਰਟੈੱਲ ਕਾਨੂੰਨ ਦਾ ਪਾਲਨ ਕਰਨ ਵਾਲੀ ਕੰਪਨੀ ਹੈ।
ਜੀਓ ਨੇ ਇਹ ਦੋਸ਼ ਵੀ ਲਾਇਆ ਕਿ ਏਅਰਟੈੱਲ ਨੇ ਨੈੱਟਵਰਕ ਦੇ ਮਹੱਤਵਪੂਰਨ ਹਿੱਸੇ ਨੂੰ ਦੇਸ਼ ਤੋਂ ਬਾਹਰ ਲਾਉਣ ਦਾ ਕੰਮ ਜਾਣਬੁੱਝ ਕੇ ਕੀਤਾ ਹੈ।