ਖ਼ਾਲਸਾ ਸਪੋਰਟਸ ਕਲੱਬ ਵਲੋਂ ‘ਗੁਵ ਢਿੱਲੋਂ ਕੱਪ’ ‘ਤੇ ਕਬਜ਼ਾ

0
322

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਕੀ ਐਸੋਸੀਏਸ਼ਨ ਵਲੋਂ ਕਿੰਗਸ ਪਾਰਕ ਖੇਡ ਗਰਾਊਾਡ ਵਿਖੇ ਕਰਵਾਏ ਗਏ ‘ਗੁਵ ਢਿੱਲੋਂ ਕੱਪ’ ਦੇ ਫਾਈਨਲ ਮੁਕਾਬਲੇ ਵਿਚ ਖ਼ਾਲਸਾ ਸਪੋਰਟਸ ਕਲੱਬ ਦੀ ਟੀਮ ਨੇ ਹਾਂਗਕਾਂਗ ਫੁੱਟਬਾਲ ਕਲੱਬ ਦੀ ਟੀਮ ਨੂੰ 6-5 ਨਾਲ ਮਾਤ ਦੇ ਕੇ ਚੈਂਪੀਅਨਸ਼ਿਪ ‘ਤੇ ਕਬਜ਼ਾ ਹਾਸਲ ਕੀਤਾ | ਇੱਥੇ ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿਚ 4 ਤੋਂ 16 ਸਾਲ ਦੇ ਬੱਚਿਆਂ ਨੂੰ ਹਾਕੀ ਦੀ ਸਿਖਲਾਈ ਦੇ ਰਹੀ ਖ਼ਾਲਸਾ ਅਕੈਡਮੀ ਦੇ 4 ਖਿਡਾਰੀ ਅਰਸ਼ਪ੍ਰੀਤ ਸਿੰਘ, ਜਸਮੋਲ ਸਿੰਘ, ਵਿਸ਼ਾਲ ਸਿੰਘ ਅਤੇ ਗੋਲ ਕੀਪਰ ਰਣਦੀਪ ਸਿੰਘ ਲਾਡੀ ਆਪਣੇ ਜ਼ਬਰਦਸਤ ਖੇਡ ਪ੍ਰਦਰਸ਼ਨ ਰਾਹੀਂ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਰਹੇ | ਇਸ ਟੀਮ ਵਲੋਂ ਸੈਮੀਫਾਈਨਲ ‘ਚ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਟੀਮ ਕੇ.ਐੱਨ.ਐੱਸ ਨੂੰ 7-3 ਨਾਲ ਖਦੇੜ ਕੇ ਇਸ ਮੁਕਾਮ ਨੂੰ ਹਾਸਲ ਕੀਤਾ | ਟੂਰਨਾਮੈਂਟ ਵਿਚ ਜ਼ਬਰਦਸਤ ਖੇਡ ਪ੍ਰਦਰਸ਼ਨ ਦਾ ਲੋਹਾ ਮਨਵਾਉਣ ਵਾਲੇ ਗੋਲਕੀਪਰ ਰਣਦੀਪ ਸਿੰਘ ਲਾਡੀ ਨੂੰ ‘ਪਲੇਅਰ ਆਫ਼ ਦਾ ਟੂਰਨਾਮੈਂਟ’ ਪੁਰਸਕਾਰ ਨਾਲ ਨਿਵਾਜਿਆ ਗਿਆ | ਖ਼ਾਲਸਾ ਸਪੋਰਟਸ ਕਲੱਬ ਦੀ ਇਸ ਟੀਮ ਵਲੋਂ ਇਸ ਵਰ੍ਹੇ ਹਾਂਗਕਾਂਗ ਹਾਕੀ ਪ੍ਰੀਮੀਅਰ ਲੀਗ ਕੱਪ ਜਿੱਤਣ ਤੋਂ ਬਾਅਦ ਇਹ ਦੂਸਰੀ ਵੱਡੀ ਪ੍ਰਾਪਤੀ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 45 ਸਾਲ ਤੋਂ ਹਾਲੈਂਡ ਕੱਪ ਦੇ ਨਾਂਅ ‘ਤੇ ਕਰਵਾਏ ਜਾਂਦੇ ਇਸ ਮੁਕਾਬਲੇ ਦਾ ਨਾਂਅ 2019 ਵਿਚ ਹਾਂਗਕਾਂਗ ਹਾਕੀ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਬਿਲੀ ਢਿੱਲੋਂ ਦੇ ਮਰਹੂਮ ਸਪੁੱਤਰ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਂਅ ਤੇ ‘ਗੁਵ ਢਿੱਲੋਂ ਕੱਪ’ ਕੀਤਾ ਜਾ ਚੁੱਕਾ ਹੈ |