ਕੈਨੇਡਾ ‘ਚ ਵਿਦੇਸ਼ੀ ਨਹੀਂ ਖ਼ਰੀਦ ਸਕਣਗੇ ਘਰ

0
126

ਟੋਰਾਂਟੋ (ਸਤਪਾਲ ਸਿੰਘ ਜੌਹਲ)- ਕੈਨੇਡਾ ਭਰ ‘ਚ ਬੀਤੇ ਕੁਝ ਸਮੇਂ ਤੋਂ ਜ਼ਮੀਨਾਂ, ਘਰਾਂ ਤੇ ਵਪਾਰਕ ਇਮਾਰਤਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ ਹਨ, ਜਿਸ ‘ਚ ਘੱਟ ਵਿਆਜ ਦਰ ਨਾਲ ਮਿਲਦੇ ਕਰਜ਼ੇ ਅਤੇ ਖੁੱਲ੍ਹੀ ਮਾਰਕਿਟ ਦਾ ਖਾਸ ਯੋਗਦਾਨ ਰਿਹਾ ਹੈ | ਤਾਜਾ ਜਾਣਕਾਰੀ ਅਨੁਸਾਰ ਕੈਨੇਡਾ ‘ਚ ਸਰਕਾਰ ਚਲਾ ਰਹੀ ਲਿਬਰਲ ਪਾਰਟੀ ਆਪਣੇ ਚੋਣ ਵਾਅਦੇ ਮੁਤਾਬਿਕ ਰਿਹਾਇਸ਼ੀ ਮਕਾਨਾਂ ਦੀ ਕੀਮਤ ਘਟਾਉਣ ਅਤੇ ਆਮ ਵਿਅਕਤੀ ਦੀ ਪਹੁੰਚ ‘ਚ ਰੱਖਣ ਲਈ ਮਾਰਕਿਟ ਸਥਿਰ ਕਰਨ ਲਈ ਯਤਨਸ਼ੀਲ ਹੈ | ਨਵੇਂ ਬਜਟ ‘ਚ ਵਿਦੇਸ਼ੀ ਨਾਗਰਿਕਾਂ ਦੇ ਮਕਾਨ ਖਰੀਦਣ ਉਪਰ ਪਾਬੰਦੀ ਲਗਾਈ ਜਾ ਰਹੀ ਹੈ | ਕੈਨੇਡਾ ‘ਚ ਪੱਕੇ ਅਤੇ ਸਥਾਈ ਅਤੇ ਅਸਥਾਈ (ਵਿਦਿਆਰਥੀ ਅਤੇ ਵਰਕ ਪਰਮਿਟ ਧਾਰਕ) ਤੌਰ ‘ਤੇ ਰਹਿੰਦੇ ਵਿਦੇਸ਼ੀ ਨਾਗਰਿਕਾਂ ਉਪਰ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ | ਪਤਾ ਲੱਗਾ ਹੈ ਕਿ ਮਕਾਨ ਖਰੀਦ ਕੇ ਅਗਾਂਹ ਵੇਚਣ ਉਪਰ ਵੀ ਸਰਕਾਰ ਨੇ ਰੋਕ ਲਗਾਈ ਹੈ ਜਿਸ ਨਾਲ ਨਵੇਂ ਬਣਦੇ ਘਰਾਂ ਨੂੰ ਕੁਝ ਲੋਕਾਂ ਵਲੋਂ ਖਰੀਦ ਕੇ ਅੱਗੇ ਵੱਧ ਕੀਮਤ ਉਪਰ ਵੇਚਣ ਦੇ ਬੇਲਗਾਮ ਹੋ ਚੁੱਕੇ ਰੁਝਾਨ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਹੈ | ਹੁਣ ਖਰੀਦਦਾਰ ਨੂੰ ਮਕਾਨ ਖਰੀਦ ਕੇ ਇਕ ਸਾਲ ਆਪਣੇ ਕੋਲ਼ ਰੱਖਣਾ ਜ਼ਰੂਰੀ ਹੋਵੇਗਾ ਅਤੇ ਇਸ ਤੋਂ ਪਹਿਲਾਂ ਸਰਕਾਰ ਨੂੰ ਭਾਰੀ ਟੈਕਸ ਅਦਾ ਕੀਤੇ ਬਿਨਾ ਅੱਗੇ ਵੇਚਣਾ ਸੰਭਵ ਨਹੀਂ ਹੋਵੇਗਾ | ਵਿੱਤ ਮੰਤਰੀ ਕਿ੍ਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਮਕਾਨ ਉਸਾਰੀ ‘ਚ ਨਿਵੇਸ਼ ਵਧਾਇਆ ਜਾ ਰਿਹਾ ਹੈ ਅਤੇ ਅਜਿਹੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਘਰਾਂ ਦੀ ਕੀਮਤ ਘੱਟ ਆਮਦਨੀ ਵਾਲੇ ਪਰਿਵਾਰਾਂ ਦੀ ਪਹੁੰਚ ‘ਚ ਰਹੇ |