ਪ੍ਰਵਾਸੀ ਭਾਰਤੀਆਂ ਲਈ ਖੁਸ਼ਖਬਰੀ

0
208

ਨਵੀਂ ਦਿੱਲੀ (ਪੀਟੀਆਈ) : ਪਰਵਾਸੀ ਭਾਰਤੀ (ਐੱਨਆਰਆਈ) ਦੇ ਹੱਕ ਵਿਚ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਵੈਧ ਭਾਰਤੀ ਪਾਸਪੋਰਟ ਰੱਖਣ ਵਾਲੇ ਐੱਨਆਰਆਈ ਹੁਣ ਭਾਰਤ ਵਿਚ ਆਉਣ ਦੇ ਨਾਲ ਹੀ ਆਧਾਰ ਲਈ ਅਰਜ਼ੀ ਦੇ ਸਕਣਗੇ। ਹੁਣ ਉਨ੍ਹਾਂ ਨੂੰ 182 ਦਿਨਾਂ ਤਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।

ਸਰਕਾਰ ਦੀ ਨੋਟੀਫਿਕੇਸ਼ਨ ਤੋਂ ਬਾਅਦ ਭਾਰਤੀ ਵਿਸ਼ਿਸ਼ਟ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਵੀ ਸੋਮਵਾਰ ਨੂੰ ਇਸ ਸਬੰਧ ਵਿਚ ਸਰਕੂਲਰ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ, ‘ਭਾਰਤ ਵਿਚ ਆਉਣ ਤੋਂ ਬਾਅਦ ਐੱਨਆਰਆਈ ਆਧਾਰ ਨੰਬਰ ਹਾਸਲ ਕਰਨ ਦੇ ਯੋਗ ਹੋਣਗੇ।’ ਹਾਲਾਂਕਿ, ਯੂਆਈਡੀਏਆਈ ਦੇ ਸੂਤਰ ਨੇ ਦੱਸਿਆ ਕਿ ਅਰਜ਼ੀ ਲਈ ਹੋਰ ਰਸਮੀ ਕਾਰਵਾਈਆਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸੂਤਰ ਨੇ ਇਹ ਵੀ ਦੱਸਿਆ ਕਿ ਭਾਰਤੀ ਪਾਸਪੋਰਟ ਰੱਖਣ ਵਾਲੇ ਐੱਨਆਰਆਈ ਭਾਰਤ ਆਉਣ ‘ਤੇ ਜਾਂ ਪਹਿਲਾਂ ਤੋਂ ਤੈਅ ਸਮੇਂ ਦੇ ਹਿਸਾਬ ਨਾਲ ਆਧਾਰ ਲਈ ਅਰਜ਼ੀ ਦੇ ਸਕਦੇ ਹਨ। ਇਸ ਲਈ 182 ਦਿਨਾਂ ਦੀ ਜ਼ਰੂਰੀ ਉਡੀਕ ਮਿਆਦ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਯੂਆਈਡੀਏਆਈ ਵੱਲੋਂ ਜਾਰੀ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਭਾਰਤੀ ਪਾਸਪੋਰਟ ਨੂੰ ਪਛਾਣ ਦੇ ਸਬੂਤ, ਪਤੇ ਦੇ ਪ੍ਰਮਾਣ ਅਤੇ ਜਨਮ ਤਰੀਕ ਦੇ ਸਬੂਤ ਦੇ ਰੂਪ ਵਿਚ ਸਵੀਕਾਰ ਕੀਤਾ ਜਾਵੇਗਾ। ਜੇਕਰ ਐੱਨਆਰਆਈ ਦੇ ਪਾਸਪੋਰਟ ‘ਤੇ ਭਾਰਤੀ ਪਤਾ ਨਹੀਂ ਹੋਵੇਗਾ ਤਾਂ ਉਸ ਨੂੰ ਯੂਆਈਡੀਏਆਈ ਵੱਲੋਂ ਪਤੇ ਦੇ ਸਬੂਤ ਲਈ ਤੈਅ ਕੋਈ ਇਕ ਦਸਤਾਵੇਜ਼ ਜਮ੍ਹਾਂ ਕਰਵਾਉਣਾ ਹੋਵੇਗਾ।

ਜ਼ਿਕਰਯੋਗ ਹੈ ਕਿ 5 ਜੁਲਾਈ ਨੂੰ ਆਪਣੇ ਬਜਟ ਭਾਸ਼ਣ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਪਾਸਪੋਰਟ ਰੱਖਣ ਵਾਲੇ ਪਰਵਾਸੀ ਭਾਰਤੀਆਂ ਨੂੰ ਭਾਰਤ ਵਿਚ ਆਉਣ ਤੋਂ ਬਾਅਦ ਨਿਰਧਾਰਤ ਉਡੀਕ ਮਿਆਦ ਦੇ ਬਿਨਾਂ ਆਧਾਰ ਨੰਬਰ ਜਾਰੀ ਕਰਨ ‘ਤੇ ਵਿਚਾਰ ਕਰਨ ਦਾ ਮਤਾ ਰੱਖਿਆ ਸੀ।