ਨਵਾਂ ਸਾਲ ਗੁਰੂ ਦੇ ਨਾਲ: ਨਵੇਂ ਸਾਲ ਮੌਕੇ ਧਾਰਮਿਕ ਸਮਾਗਮ

0
404

ਹਾਂਗਕਾਂਗ, 2 ਜਨਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਨਵੇਂ ਵਰ੍ਹੇ ਦੀ ਆਮਦ ‘ਤੇ ਰਾਤਰੀ ਸਮਾਗਮ ਕਰਵਾਇਆ ਗਿਆ | ਸੰਗਤਾਂ ਵਲੋਂ ਸਾਲ 2017 ਨੂੰ ਅਲਵਿਦਾ ਕਹਿੰਦਿਆਂ ਸਾਲ 2018 ਦੀ ਆਮਦ ‘ਤੇ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ | ਇਸ ਮੌਕੇ ਭਾਈ ਗੁਰਚਰਨ ਸਿੰਘ, ਭਾਈ ਜਰਨੈਲ ਸਿੰਘ ਅਤੇ ਭਾਈ ਕੇਵਲ ਸਿੰਘ ਦੇ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ |
ਕਥਾਵਾਚਕ ਭਾਈ ਮੁਖਤਾਰ ਸਿੰਘ, ਭਾਈ ਮਹਿੰਦਰ ਸਿੰਘ ਅਤੇ ਭਾਈ ਗੁਰਸੇਵਕ ਸਿੰਘ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ | ਇਸ ਮੌਕੇ ਹਾਂਗਕਾਂਗ ਦੇ ਜੰਮਪਲ ਬੱਚਿਆਂ ਵਲੋਂ ਕਵਿਤਾ, ਕੀਰਤਨ ਅਤੇ ਕਵੀਸ਼ਰੀ ਦੀ ਪੇਸ਼ਕਾਰੀ ਕੀਤੀ ਗਈ | ਹੈੱਡ ਗ੍ਰੰਥੀ ਗਿਆਨੀ ਜਤਿੰਦਰ ਸਿੰਘ ਵਲੋਂ ਅਰਦਾਸ ਅਤੇ ਹੁਕਮਨਾਮੇ ਉਪਰੰਤ ਸਮਾਗਮ ਦੀ ਸਮਾਪਤੀ ਕੀਤੀ ਗਈ | ਨਵੇਂ ਵਰ੍ਹੇ ਦੀ ਆਮਦ ‘ਤੇ ਭਾਰੀ ਗਿਣਤੀ ਵਿਚ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਓਟ-ਆਸਰਾ ਲਿਆ ਗਿਆ |