ਚੀਨ ਖਿਲਾਫ ਭਾਰਤ ਦੀ ਆਰਥਿਕ ਜੰਗ ਦੀ ਤਾਜ਼ਾ ਅੰਕੜਿਆਂ ਨੇ ਖੋਲ੍ਹੀ ਪੋਲ

0
269

ਚੰਡੀਗੜ੍ਹ: ਮੋਦੀ ਸਰਕਾਰ ਨੇ ਆਰਥਿਕ ਜੰਗ ਨਾਲ ਚੀਨ ਨੂੰ ਚਿੱਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਾਜ਼ਾ ਅੰਕੜੇ ਹੈਰਾਨ ਕਰਨ ਵਾਲੇ ਹਨ। ਭਾਰਤ ਵਿੱਚ ਸਵਦੇਸ਼ੀ ਦੇ ਨਾਅਰਿਆਂ ਦੇ ਬਾਵਜੂਦ ਸਮਾਰਟਫੋਨ ਬਾਜ਼ਾਰ ਉੱਪਰ 76 ਫੀਸਦੀ ਕਬਜ਼ਾ ਚੀਨ ਦਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸਾਲ 2020 ਦੀ ਜੁਲਾਈ-ਸਤੰਬਰ ਵਾਲੀ ਤੀਜੀ ਤਿਮਾਹੀ ਵਿੱਚ 5 ਕਰੋੜ ਸਮਾਰਟਫ਼ੋਨ ਵਿਕੇ ਹਨ। ਇਸ ਦੌਰਾਨ ਬਾਜ਼ਾਰ ਵਿੱਚ ਸਾਰੀਆਂ ਚੀਨੀ ਕੰਪਨੀਆਂ ਦੀ ਕੁੱਲ 76 ਫ਼ੀਸਦੀ ਹਿੱਸੇਦਾਰੀ ਰਹੀ।
ਬਾਜ਼ਾਰ ਦੇ ਅੰਕੜੇ ਇਕੱਠੇ ਕਰਨ ਵਾਲੀ ਕੰਪਨੀ ਕੈਨਾਲਿਸ ਦੀ ਰਿਪੋਰਟ ਮੁਤਾਬਕ ਪੰਜ ਮੁੱਖ ਮੋਬਾਇਲ ਫ਼ੋਨ ਕੰਪਨੀਆਂ ਸ਼ਿਓਮੀ, ਸੈਮਸੰਗ, ਵੀਵੋ, ਰੀਅਲਮੀ ਤੇ ਓਪੋ ਦੀ ਵਿਕਰੀ ਵਿੱਚ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ ਹੈ। ਕੈਨਾਲਿਸ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਪਿਛਲੇ ਵਰ੍ਹੇ ਜੁਲਾਈ ਤੋਂ ਸਤੰਬਰ ਦੌਰਾਨ 4.62 ਕਰੋੜ ਫ਼ੋਨ ਵਿਕੇ ਸਨ। ਇਸ ਵਾਰ ਉਸ ਤੋਂ ਵੱਧ 5 ਕਰੋੜ ਫ਼ੋਨਾਂ ਦੀ ਵਿਕਰੀ ਹੋਈ ਹੈ, ਜੋ ਹੁਣ ਤੱਕ ਦਾ ਰਿਕਾਰਡ ਹੈ।
ਸਭ ਤੋਂ ਵੱਧ ਸ਼ਿਓਮੀ ਦੇ ਫ਼ੋਨ 26.1 ਫ਼ੀਸਦੀ ਵਿਕੇ ਤੇ ਉਸ ਨੇ 1.31 ਕਰੋੜ ਰੁਪਏ ਦੇ ਫ਼ੋਨ ਵੇਚੇ। ਸੈਮਸੰਗ ਨੇ ਵੀਵੋ ਨੂੰ ਪਛਾੜਦਿਆਂ ਦੂਜਾ ਸਥਾਨ ਹਾਸਲ ਕਰਦਿਆਂ 1.02 ਕਰੋੜ ਫ਼ੋਨ ਵੇਚ ਕੇ ਬਾਜ਼ਾਰ ਵਿੱਚ 20.4 ਫ਼ੀ ਸਦੀ ਹਿੱਸੇਦਾਰੀ ਹਾਸਲ ਕੀਤੀ। ਇਸ ਤੋਂ ਬਾਅਦ ਵੀਵੋ ਦੀ 88 ਲੱਖ ਫ਼ੋਨਾਂ ਦੀ ਵਿਕਰੀ ਨਾਲ 17.6 ਫ਼ੀਸਦੀ, ਰੀਅਲਮੀ ਦੀ 87 ਲੱਖ ਨਾਲ 17.4 ਫ਼ੀਸਦੀ ਤੇ ਓਪੋ ਦੀ 61 ਲੱਖ ਸਮਾਰਟਫ਼ੋਨਜ਼ ਦੀ ਵਿਕਰੀ ਨਾਲ 12.1 ਫ਼ੀਸਦੀ ਹਿੱਸੇਦਾਰੀ ਰਹੀ। ਇਸੇ ਸਮੇਂ ਦੌਰਾਨ ਐਪਲ ਨੇ ਵੀ ਬਾਜ਼ਾਰ ਵਿੱਚ ਅੱਠ ਲੱਖ ਫ਼ੋਨ ਵੇਚੇ। ਕੈਨਾਲਿਸ ਦੇ ਖੋਜ ਵਿਸ਼ਲੇਸ਼ਕ ਵਰੁਣ ਕੰਨਨ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਭਾਰਤ-ਚੀਨ ਤਣਾਅ ਲੋਕਾਂ ਵਿਚਾਲੇ ਚਰਚਾ ਦਾ ਮੁੱਖ ਵਿਸ਼ਾ ਬਣਿਆ ਰਿਹਾ ਹੈ ਪਰ ਬਾਜ਼ਾਰ ਵਿੱਚ ਲੋਕਾਂ ਦੇ ਖ਼ਰੀਦ ਫ਼ੈਸਲਿਆਂ ਉੱਤੇ ਇਸ ਦਾ ਅਸਰ ਹਾਲੇ ਦਿੱਸਣਾ ਬਾਕੀ ਹੈ।
ਤੁਹਾਨੂੰ ਚੇਤੇ ਹੋਵੇਗਾ ਕਿ ਦੋਵੇਂ ਦੇਸ਼ਾਂ ਦੇ ਤਣਾਅ ਦੌਰਾਨ ਸੋਸ਼ਲ ਮੀਡੀਆ ਤੇ ਹੋਰ ਮਾਧਿਅਮਾਂ ਰਾਹੀਂ ਚੀਨੀ ਉਤਪਾਦਾਂ ਦੇ ਬਾਈਕਾਟ ਦਾ ਮੁੱਦਾ ਛਾਇਆ ਰਿਹਾ ਸੀ। ਇਸ ਦੌਰਾਨ ਸਰਕਾਰ ਨੇ ਵੀ ਰਾਸ਼ਟਰੀ ਸੁਰੱਖਿਆ, ਪ੍ਰਭੂਸੱਤਾ ਤੇ ਅਖੰਡਤਾ ਨੂੰ ਖ਼ਤਰਾ ਦੱਸਦਿਆ ਕਈ ਚੀਨੀ ਮੋਬਾਈਲ ਐਪਸ ਉੱਤੇ ਪਾਬੰਦੀ ਲਾਈ ਸੀ। ਇਸ ਸਭ ਦੇ ਬਾਵਜੂਦ ਚੀਨੀ ਕੰਪਨੀਆਂ ਦਾ ਦਬਦਬਾ ਦਰਸਾਉਂਦਾ ਹੈ ਕਿ ਗੁਆਂਢੀ ਮੁਲਕ ਖਿਲਾਫ ਆਰਥਿਕ ਜੰਗ ਵੀ ਬੇਅਸਰ ਹੋ ਗਈ ਹੈ।