ਦੁਨੀਆ ਭਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 60 ਲੱਖ ਪਾਰ

0
742

ਨਿਊਯਾਰਕ (ਏਜੰਸੀਆਂ) : ਦੁਨੀਆ ਭਰ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 60 ਲੱਖ ਤੋਂ ਜ਼ਿਆਦਾ ਹੋ ਗਈ ਹੈ। ਚੀਨ, ਯੂਰਪ ਅਤੇ ਅਮਰੀਕਾ ਪਿੱਛੋਂ ਹੁਣ ਲਾਤੀਨੀ ਅਮਰੀਕੀ ਦੇਸ਼ਾਂ (ਬ੍ਰਾਜ਼ੀਲ, ਚਿਲੀ ਅਤੇ ਮੈਕਸੀਕੋ) ਵਿਚ ਇਸ ਬਿਮਾਰੀ ਦਾ ਕਹਿਰ ਜਾਰੀ ਹੈ। ਬ੍ਰਾਜ਼ੀਲ ਵਿਚ ਤਾਂ ਪਿਛਲੇ 24 ਘੰਟਿਆਂ ਵਿਚ ਰਿਕਾਰਡ 33,724 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਕਿਸੇ ਵੀ ਦੇਸ਼ ਵਿਚ ਇਕ ਦਿਨ ਵਿਚ ਏਨੀ ਜ਼ਿਆਦਾ ਗਿਣਤੀ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ ਨਹੀਂ ਮਿਲੇ ਸਨ। ਇਸ ਤਰ੍ਹਾਂ ਦੇਸ਼ ਵਿਚ ਕੁਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 5,01,985 ਹੋ ਗਈ ਹੈ। ਮਿ੍ਤਕਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ, ਬਿ੍ਟੇਨ ਅਤੇ ਇਟਲੀ ਦੇ ਬਾਅਦ ਚੌਥੇ ਸਥਾਨ ‘ਤੇ ਬ੍ਰਾਜ਼ੀਲ (28,872) ਆ ਗਿਆ ਹੈ। ਦੁਨੀਆ ਭਰ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਵਧਣ ਦੇ ਅੰਕੜਿਆਂ ਨੂੰ ਦੇਖੀਏ ਤਾਂ 10 ਜਨਵਰੀ ਨੂੰ ਵੁਹਾਨ ਵਿਚ 40 ਮਾਮਲਿਆਂ ਦਾ ਪਤਾ ਲੱਗਾ ਸੀ। ਇਕ ਅਪ੍ਰਰੈਲ ਨੂੰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 10 ਲੱਖ ਹੋ ਗਈ ਸੀ। ਇਸ ਪਿੱਛੋਂ ਹਰੇਕ ਦੋ ਹਫ਼ਤਿਆਂ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ 10 ਲੱਖ ਦਾ ਵਾਧਾ ਹੁੰਦਾ ਗਿਆ। ਖ਼ਾਸ ਗੱਲ ਇਹ ਹੈ ਕਿ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਬਾਵਜੂਦ ਕਈ ਦੇਸ਼ ਪਾਬੰਦੀਆਂ ਹਟਾ ਰਹੇ ਹਨ ਅਤੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਵਾਲੇ ਕਦਮ ਚੁੱਕ ਰਹੇ ਹਨ।

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਰਫ਼ਤਾਰ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਅਜਿਹੇ ਸਮੇਂ ਇਕ ਜੂਨ ਤੋਂ ਪਾਬੰਦੀਆਂ ਵਿਚ ਜ਼ਿਆਦਾ ਢਿੱਲ ਦੇ ਨਾਲ ਇਨਫੈਕਸ਼ਨ ਦੇ ਹੋਰ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਦਿੱਲੀ ਦੇ ਨਾਲ ਹੀ ਤਾਮਿਲਨਾਡੂ ਵਿਚ ਨਵੇਂ ਮਾਮਲੇ ਰੋਜ਼ਾਨਾ ਵੱਧ ਰਹੇ ਹਨ। ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਤਾਂ ਪਹਿਲੇ ਤੋਂ ਹੀ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਇਨ੍ਹਾਂ ਸਭ ਨੂੰ ਮਿਲਾ ਕੇ ਦੇਸ਼ ਵਿਚ ਇਨਫੈਕਸ਼ਨ ਦਾ ਗ੍ਰਾਫ਼ ਤੇਜ਼ੀ ਨਾਲ ਉਪਰ ਚੜ੍ਹ ਰਿਹਾ ਹੈ। ਐਤਵਾਰ ਨੂੰ ਵੀ ਛੇ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ 8,380 ਨਵੇਂ ਮਾਮਲੇ ਸਾਹਮਣੇ ਆਏ ਅਤੇ 193 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਪ੍ਰਭਾਵਿਤ ਦਾ ਅੰਕੜਾ 1,82,143 ‘ਤੇ ਪੁੱਜ ਗਿਆ ਹੈ ਜਦਕਿ 5,164 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਅਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ ਵਿਚ ਅੰਤਰ ਦਾ ਕਾਰਨ ਰਾਜਾਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ ਵਿਚ ਹੋਣ ਵਾਲੀ ਦੇਰੀ ਹੈ। ਇਸ ਦੇ ਇਲਾਵਾ ਕਈ ਏਜੰਸੀਆਂ ਰਾਜਾਂ ਤੋਂ ਸਿੱਧੇ ਅੰਕੜੇ ਇਕੱਠੇ ਕਰਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਵਿਚ ਇਕ ਦਿਨ ਪਹਿਲੇ ਹੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।