ਪੰਜਾਬੀ ਲੋਕ ਜੀਵਨ ਵਿੱਚੋਂ ਗਾਇਬ ਹੋਈ ਭੱਠੀ

0
767

ਪਿ੍ਤਪਾਲ ਸਿੰਘ ਮਹਿਰੋਕ

ਬਹੁਤਾ ਸਮਾਂ ਤਾਂ ਨਹੀਂ ਹੋਇਆ ਫਿਰ ਵੀ ਉਸ ਸਮੇਂ ਨੂੰ ਪੁਰਾਣਾ ਹੀ ਕਹਾਂਗੇ ਜਦੋਂ ਪਿੰਡ ਵਿੱਚ ਭੱਠੀ ਵਾਲਾ ਸਥਾਨ ਪਿੰਡ ਦੇ ਲੋਕ ਜੀਵਨ ਵਿੱਚ ਕੇਂਦਰੀ ਸਥਾਨ ਹੁੰਦਾ ਸੀ। ਸੱਥਾਂ ਅਤੇ ਖੂਹਾਂ ’ਤੇ ਲੱਗਣ ਵਾਲੀਆਂ ਰੌਣਕਾਂ ਵਾਂਗ ਭੱਠੀ ’ਤੇ ਵੀ ਖ਼ੂਬ ਰੌਣਕਾਂ ਲੱਗਦੀਆਂ ਸਨ। ਭੱਠੀ ਜਿਵੇਂ ਇਸਦੇ ਨਾਂ ਤੋਂ ਹੀ ਸਪੱਸ਼ਟ ਹੈ ਤੰਦੂਰ ਵਾਂਗ ਅੱਗ ਬਾਲਣ/ਭਖਾਉਣ ਵਾਲਾ ਗੋਲਾਕਾਰ ਚੈਂਬਰ ਹੁੰਦਾ ਸੀ ਜਿਸਦਾ ਲਗਪਗ ਅੱਧਾ ਹਿੱਸਾ ਜ਼ਮੀਨ ਦੀ ਧਰਾਤਲ ਤੋਂ ਹੇਠਾਂ ਹੁੰਦਾ ਸੀ। ਭੱਠੀ ਦਾ ਮੂੰਹ ਜ਼ਮੀਨ ਦੀ ਸਤ੍ਹਾ ਤੋਂ ਮਾਮੂਲੀ ਜਿਹਾ ਉੱਚਾ ਜਾਂ ਬਰਾਬਰ ਰੱਖਿਆ ਜਾਂਦਾ ਸੀ ਜਿਸ ਉੱਤੇ ਕੜਾਹੀ ਟਿਕਾਈ ਜਾਂਦੀ ਸੀ। ਕੜਾਹੀ ਨੂੰ ਭੱਠੀ ਦੇ ਮੂੰਹ ’ਤੇ ਟਿਕਾ ਕੇ ਵਿੱਚ ਵਿਚਾਲੇ ਨਜ਼ਰ ਆਉਂਦੀਆਂ ਝੀਥਾਂ ਨੂੰ ਗਿੱਲੀ ਚੀਕਣੀ ਮਿੱਟੀ ਨਾਲ ਭਰ ਕੇ ਬੰਦ ਕਰ ਲਿਆ ਜਾਂਦਾ ਸੀ। ਅਜਿਹਾ ਕਰਨ ਨਾਲ ਭੱਠੀ ਵਿੱਚ ਬਲਦੀ ਅੱਗ ਤੇ ਉਸ ਦਾ ਸੇਕ ਅਜਾਈਂ ਨਹੀਂ ਸੀ ਜਾਂਦਾ। ਧੂੰਏਂ ਅਤੇ ਪੈਦਾ ਹੋਣ ਵਾਲੀਆਂ ਗੈਸਾਂ ਦੀ ਨਿਕਾਸੀ ਲਈ ਭੱਠੀ ਦੇ ਇੱਕ ਸਿਰੇ ’ਤੇ ਇੱਕ ਲੂੰਬੀ (ਨਿਕਾਸੀ ਰਾਹ) ਰੱਖ ਲਈ ਜਾਂਦੀ ਸੀ। ਭੱਠੀ ਵਿੱਚ ਬਾਲਣ ਵਾਸਤੇ ਸੁੱਕੇ ਬਾਲਣ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਸੀ। ਭੱਠੀ ਵਿੱਚ ਅੱਗ ਬਾਲਣ ਵਾਸਤੇ ਉਸ ਵਿੱਚ ਬਾਲਣ ਝੋਖਣ ਲਈ ਬਣਾਏ ਰਾਹ ਰਾਹੀਂ ਘਾਹ ਫੂਸ, ਸੁੱਕੇ ਪੱਤਿਆਂ, ਸੁੱਕੀਆਂ ਟਾਹਣੀਆਂ, ਛਿਟੀਆਂ, ਨਾੜਾਂ, ਸਰਕੰਡਿਆਂ, ਕਾਨਿਆਂ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਸੀ। ਭਠਿਆਰਨ ਨੂੰ ਅਜਿਹੀ ਬਾਲਣ ਸਮੱਗਰੀ ਦਾ ਅਗਾਊਂ ਪ੍ਰਬੰਧ ਕਰਨਾ ਪੈਂਦਾ ਸੀ। ਬਾਲਣ ਤੋਂ ਇਲਾਵਾ ਕੜਾਹੀ, ਮੋਟੀ ਰੇਤ, ਛਾਣਨੀ, ਦਾਤਰੀ, ਭੱਜਾ ਕੁੱਜਾ, ਬੈਠਣ ਲਈ ਬੋਰੀਆਂ, ਭੱਠੀ ਵਿੱਚ ਪਾਏ ਬਾਲਣ ਨੂੰ ਹਿਲਾਉਣ ਤੇ ਰੁਖ਼ ਸਿਰ ਕਰਨ ਲਈ ਲੰਬੀ ਛੜੀ ਆਦਿ ਸੰਦ ਭਠਿਆਰਨ ਕੋਲ ਹੁੰਦੇ ਸਨ। ਉਹ ਦੁਪਹਿਰੋਂ ਬਾਅਦ ਭੱਠੀ ਮਘਾਉਂਦੀ, ਬੋਰੀਆਂ ਵਿਛਾਉਣ ਲਈ ਬਣਾਈ ਗਈ ਥਾਂ ’ਤੇ ਬੋਰੀਆਂ ਦੀਆਂ ਤਹਿਆਂ ਵਿਛਾਉਂਦੀ, ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਸੰਦਾਂ ਨੂੰ ਥਾਂ ਸਿਰ ਟਿਕਾਉਂਦੀ ਤੇ ਆਪਣੇ ਸਥਾਨ ’ਤੇ ਬੈਠਕੇ ਕੜਾਹੀ ਵਿੱਚ ਪਾਈ ਰੇਤ ਦੇ ਗਰਮ ਹੋਣ ਦੀ ਉਡੀਕ ਕਰਨ ਲੱਗਦੀ। ਭੱਠੀ ਵਿੱਚ ਦਾਣੇ ਪਾਉਣ ਤੋਂ ਪਹਿਲਾਂ ਭਾੜੇ ਵਜੋਂ ‘ਚੁੰਗ ਕੱਢਣਾ’ ਉਸਨੂੰ ਹਮੇਸ਼ਾਂ ਯਾਦ ਰਹਿੰਦਾ ਸੀ। ਹੌਲੀ ਹੌਲੀ ਦਾਣੇ ਭੁੰਨਾਉਣ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾਂਦੀ ਸੀ। ਭਠਿਆਰਨ ਦਾਣੇ ਭੁੰਨਦੀ ਜਾਂਦੀ ਤੇ ਵਾਰੀ ਸਿਰ ਚੁੰਗ ਫੜੀ ਜਾਂਦੀ ਸੀ। ਛੋਲਿਆਂ ਦੇ ਦਾਣਿਆਂ ਨੂੰ ਭੁੰਨਣ ਪਿੱਛੋਂ ਉਹ ਉਨ੍ਹਾਂ ’ਤੇ ਕੁੱਜਾ ਫੇਰਦੀ। ਇੰਜ ਛੋਲਿਆਂ ਦੇ ਛਿਲਕੇ ਵੀ ਕਾਫ਼ੀ ਹੱਦ ਤਕ ਲਹਿ ਜਾਂਦੇ ਸਨ ਤੇ ਦਾਣੇ ਦੋਫਾੜ ਵੀ ਹੋ ਜਾਂਦੇ ਸਨ। ਵਧੇਰੇ ਕਰਕੇ ਲੋਕ ਛੋਲੇ, ਮੱਕੀ ਦੇ ਸੁੱਕ ਚੁੱਕੇ ਜਾਂ ਪੱਕਣ ਲਈ ਤਿਆਰ ਦਾਣੇ, ਕਣਕ ਦੇ ਦਾਣੇ ਆਦਿ ਨੂੰ ਭੁੰਨਾਉਣਾ ਪਸੰਦ ਕਰਦੇ ਸਨ।
ਦਾਣੇ ਭੁੰਨਾਉਣ ਦੇ ਬਦਲੇ ਭੱਠੀ ਵਾਲੀ ਨੂੰ ਉਸਦਾ ਮਿਹਨਤਾਨਾ ਦਾਣਿਆਂ ਦੇ ਰੂਪ ਵਿੱਚ ਹੀ ਦਿੱਤਾ ਜਾਂਦਾ ਸੀ। ਦਾਣਿਆਂ ਨੂੰ ਕੜਾਹੀ ਵਿੱਚ ਪਾ ਕੇ ਭੁੰਨਣ ਤੋਂ ਪਹਿਲਾਂ ਭੱਠੀ ਵਾਲੀ ਕੱਚੇ ਦਾਣਿਆਂ ਵਿੱਚੋਂ ਦਾਣਿਆਂ ਦੀ ਲੱਪ ਭਰ ਕੇ ਆਪਣਾ ਭਾੜਾ ਕੱਢਕੇ ਪਾਸੇ ਰੱਖ ਲੈਂਦੀ ਸੀ। ਉਨ੍ਹਾਂ ਸਮਿਆਂ ਵਿੱਚ ਭਾੜਾ ਪੈਸਿਆਂ ਦੇ ਰੂਪ ਵਿੱਚ ਨਹੀਂ ਸੀ ਦਿੱਤਾ ਜਾਂਦਾ। ਜੇ ਕੋਈ ਭਾੜੇ ਵਜੋਂ ਪੈਸੇ ਦਿੰਦਾ ਸੀ ਤਾਂ ਭੱਠੀ ਵਾਲੀ ਉਨ੍ਹਾਂ ਨੂੰ ਆਪਣੀ ਬੋਰੀ ਦੀ ਤਹਿ ਵਿੱਚ ਹੀ ਰੱਖ ਲੈਂਦੀ ਸੀ ਜਿਸ ’ਤੇ ਬੈਠ ਕੇ ਉਹ ਦਾਣੇ ਭੁੰਨਦੀ ਹੁੰਦੀ ਸੀ। ਮਿਹਨਤਾਨੇ ਵਜੋਂ ਭਠਿਆਰਨ ਦਾਣਿਆਂ ਦੇ ਰੂਪ ਵਿੱਚ ਜੋ ਭਾੜਾ ਲੈਂਦੀ ਸੀ, ਉਸਨੂੰ ਦਾਣਿਆਂ ਵਿੱਚੋਂ ਚੂੰਗਾ ਕੱਢਣਾ ਵੀ ਕਹਿ ਲਿਆ ਜਾਂਦਾ ਸੀ। ਭੱਠੀ ਵਾਲੀ ਦੀ ਕਠਿਨ ਮਿਹਨਤ ਦੇ ਮੁਕਾਬਲੇ ਇਹ ਭਾੜਾ ਬਹੁਤ ਥੋੜ੍ਹਾ ਹੁੰਦਾ ਸੀ।
ਕੜਾਹੀ ਵਿਚਲੀ ਗਰਮ ਰੇਤ ਵਿੱਚ ਇੱਕ ਵਾਰ ਦੇ ਭੁੰਨੇ ਜਾਣ ਵਾਲੇ ਦਾਣਿਆਂ ਨੂੰ ਪਰਾਗਾ ਕਿਹਾ ਜਾਂਦਾ ਸੀ। ਭੁੰਨੇ ਦਾਣਿਆਂ ਨੂੰ ਲੋਕ ਬੜੇ ਚਾਅ ਅਤੇ ਸ਼ੌਕ ਨਾਲ ਖਾਂਦੇ ਸਨ। ਦਾਣੇ ਭੁੰਨਵਾ ਕੇ ਲੋਕ ਆਪਣੀਆਂ ਸਾਕਦਾਰੀਆਂ ਜਾਂ ਸਾਂਝ ਵਾਲਿਆਂ ਦੇ ਘਰੀਂ ਸੌਗਾਤ ਵਜੋਂ ਭੇਟ ਕਰਦੇ ਸਨ। ਇਸ ਵਿੱਚ ਖ਼ੁਸ਼ੀ ਦਾ ਅਨੁਭਵ ਕੀਤਾ ਜਾਂਦਾ ਸੀ। ਲੰਬੇ ਪੈਂਡਿਆਂ ’ਤੇ ਜਾਣ ਵਾਲੇ ਰਾਹੀ ਸਫ਼ਰ ਵਿੱਚ ਖਾਣ ਲਈ ਦਾਣੇ ਭੁੰਨਾ ਕੇ ਆਪਣੇ ਨਾਲ ਲੈ ਜਾਂਦੇ ਹੁੰਦੇ ਸਨ। ਮੱਕੀ ਦੇ ਅੱਧ ਪੱਕੇ ਦਾਣਿਆਂ ਨੂੰ ਭੁੰਨਾ ਕੇ ਲੋਕ ਮੁਰਮੁਰਿਆਂ ਵਾਂਗ ਖਾਂਦੇ ਸਨ। ਮੱਕੀ ਦੇ ਪੱਕੇ ਦਾਣਿਆਂ ਨੂੰ ਭੁੰਨਾ ਕੇ ਉਨ੍ਹਾਂ ਦੇ ਖਿੜੇ ਫੁੱਲਿਆਂ ਨੂੰ ਖਾਣ ਦਾ ਵੱਖਰਾ ਹੀ ਸਵਾਦ ਹੁੰਦਾ ਸੀ। ਉਹੀ ਫੁੱਲੇ ਹੁਣ ਪੌਲੀਥੀਨ ਦੇ ਬੰਦ ਲਿਫ਼ਾਫ਼ਿਆਂ ਵਿੱਚ ਜਾਂ ਵਿਭਿੰਨ ਆਕਾਰਾਂ ਵਿੱਚ ਪੈਕ ਕੀਤੇ ਹੋਏ ਪੌਪਕੌਰਨ ਦੇ ਨਾਂ ਹੇਠ ਵਿਕਦੇ ਹਨ ਤੇ ਲੋਕ ਉਨ੍ਹਾਂ ਨੂੰ ਮਹਿੰਗੇ ਭਾਅ ਖ਼ਰੀਦ ਕੇ ਖਾਂਦੇ ਹਨ। ਕਣਕ ਅਤੇ ਕਾਲੇ ਛੋਲਿਆਂ ਦੇ ਗਰਮ ਗਰਮ ਦਾਣਿਆਂ ਨੂੰ ਮਜ਼ਬੂਤ ਕੱਪੜੇ ਵਿੱਚ ਪਾ ਕੇ ਵਿੱਚ ਭੂਰ ਚੂਰ ਕੀਤਾ ਗੁੜ ਪਾ ਕੇ ਦਾਣਿਆਂ ਵਿੱਚ ਚੰਗੀ ਤਰ੍ਹਾਂ ਰਲਾਅ ਕੇ ਕੁੱਟ ਲਿਆ ਜਾਂਦਾ ਸੀ। ਗੁੜ ਦੀ ਤਹਿ ਭੁੱਜੇ ਦਾਣਿਆਂ ’ਤੇ ਚੜ੍ਹ ਜਾਂਦੀ ਸੀ। ਇਹ ਸਵਾਦਲੇ ਦਾਣੇ ਲੋਕ ਬੜੇ ਸ਼ੌਕ ਨਾਲ ਚੱਬਦੇ ਸਨ।
ਭੱਠੀ ਉੱਪਰ ਭੁੰਨੇ ਹਰੇਕ ਕਿਸਮ ਦੇ ਦਾਣੇ ਚੱਬਣ ਵਿੱਚ ਸਵਾਦੀ ਹੁੰਦੇ ਸਨ। ਉਹ ਖ਼ੁਰਾਕੀ ਤੱਤਾਂ ਨਾਲ ਵੀ ਭਰਪੂਰ ਹੁੰਦੇ ਸਨ। ਭੁੰਨੇ ਹੋਏ ਪੌਸ਼ਟਿਕ ਦਾਣੇ ਸਰੀਰ ਨੂੰ ਅਰੋਗ ਰੱਖਦੇ ਸਨ। ਉਨ੍ਹਾਂ ਵਿੱਚ ਫਾਈਬਰ ਖ਼ੁਰਾਕੀ ਤੱਤਾਂ ਦੀ ਵੀ ਬਹੁਲਤਾ ਹੁੰਦੀ ਸੀ। ਦੰਦਾਂ ਵਾਸਤੇ ਉਹ ਬਿਹਤਰੀਨ ਕਸਰਤ ਸਮਝੇ ਜਾਂਦੇ ਸਨ। ਗੰਨੇ ਚੂਪਣ ਵਾਂਗ ਦਾਣੇ ਚੱਬਣ ਨੂੰ ਵੀ ਦੰਦਾਂ ਲਈ ਵਧੀਆ ਕਸਰਤ ਸਮਝਿਆ ਜਾਂਦਾ ਸੀ। ਪੰਜਾਬੀ ਲੋਕ ਜੀਵਨ ਵਿੱਚ ਭੱਠੀ ਵਾਲੀ ਦਾ ਪਾਤਰ ਬਹੁ ਚਰਚਿਤ ਪਾਤਰ ਵਜੋਂ ਜਾਣਿਆ ਜਾਂਦਾ ਰਿਹਾ ਹੈ:
ਰਾਹ ਵਿੱਚ ਤੇਰੀ ਭੱਠੀ ਮਹਿਰੀਏ
ਠੱਗੀ ਦੇ ਤੰਬੂ ਤਾਣੇ
ਮਗਰੋਂ ਆਇਆਂ ਦੇ ਪਹਿਲਾਂ ਭੁੰਨਦੀ
ਕਰਦੀ ਦਿਲ ਦੇ ਭਾਣੇ
ਕਿਸੇ ਦੀ ਮੱਕੀ, ਕਿਸੇ ਦੇ ਛੋਲੇ
ਸਾਡੇ ਤਾਂ ਮੋਠ ਪੁਰਾਣੇ
ਲੱਤ ਮਾਰ ਤੇਰੀ ਭੱਠੀ ਢਾਹ ਦਿਆਂ
ਰੇਤ ਰਲਾ ਦਿਆਂ ਦਾਣੇ
ਕੈਦਾਂ ਉਮਰਾਂ ਦੀਆਂ
ਕੰਤ ਜਿਨ੍ਹਾਂ ਦੇ ਨਿਆਣੇ…
ਪੰਜਾਬੀ ਲੋਕ ਜੀਵਨ ਵਿੱਚ ਲੋਹੜੀ ਵਾਲੇ ਦਿਨ ਦਾਣੇ ਭੁੰਨਣ/ਭੁੰਨਾਉਣ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਉਸ ਦਿਨ ਸਵੇਰ ਤੋਂ ਹੀ ਭਠਿਆਰਨ ਭੱਠੀ ਤਪਾ ਕੇ ਦਾਣੇ ਭੁੰਨਣ ਲਈ ਬੈਠ ਜਾਂਦੀ ਸੀ। ਜਿਨ੍ਹਾਂ ਘਰਾਂ ਨੇ ਲੋਹੜੀ ਪਾਉਣੀ ਹੁੰਦੀ ਸੀ, ਉਹ ਸੁਆਣੀਆਂ ਸਵੇਰ ਤੋਂ ਹੀ ਸੁੱਕੀ ਮੱਕੀ ਦੇ ਦਾਣੇ ਭੁੰਨਾਉਣ ਲਈ ਭੱਠੀ ’ਤੇ ਪਹੁੰਚ ਜਾਂਦੀਆਂ ਸਨ। ਉਨ੍ਹਾਂ ਸਮਿਆਂ ਵਿੱਚ ਮੱਕੀ ਦੇ ਭੁੰਨੇ ਦਾਣਿਆਂ ਅਤੇ ਗੁੜ ਦੀ ਲੋਹੜੀ ਵੰਡੀ ਜਾਂਦੀ ਸੀ। ਲੋਹੜੀ ਵਾਲੇ ਦਿਨ ਸਵੇਰ ਤੋਂ ਲੈ ਕੇ ਦੇਰ ਸ਼ਾਮ ਤਕ ਭੱਠੀ ਵਾਲੀ ਆਪਣੀ ਭੱਠੀ ਉੱਪਰ ਦਾਣੇ ਭੁੰਨਦੀ ਰਹਿੰਦੀ ਸੀ ਤੇ ਭੱਠੀ ਉੱਪਰ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ। ਭੱਠੀ ਬਣਾਉਣ ਲਈ ਅਜਿਹੇ ਸਥਾਨ ਦੀ ਚੋਣ ਕੀਤੀ ਜਾਂਦੀ ਸੀ ਜੋ ਵਧੇਰੇ ਹਾਲਤਾਂ ਵਿੱਚ ਪਿੰਡ ਦਾ ਕੇਂਦਰੀ ਸਥਾਨ ਹੁੰਦਾ ਸੀ ਤੇ ਬਹੁਤੇ ਲੋਕਾਂ ਦੀ ਪਹੁੰਚ ਵਿੱਚ ਹੁੰਦਾ ਸੀ। ਸਰਦੀਆਂ ਦੇ ਦਿਨਾਂ ਵਿੱਚ ਭੱਠੀਆਂ ’ਤੇ ਲੱਗਣ ਵਾਲੀਆਂ ਰੌਣਕਾਂ ਨੂੰ ਲੋਕ ਅਜੇ ਵੀ ਯਾਦ ਕਰਦੇ ਹਨ। ਭੱਠੀ ਹੁਣ ਗੁਜ਼ਰ ਚੁੱਕੇ ਸਮੇਂ ਦੀ ਬਾਤ ਬਣਕੇ ਰਹਿ ਗਈ ਹੈ।