ਅਜ਼ਾਦੀ

0
739

ਦੇ ਕੇ ਕੁਰਬਾਨੀਆਂ ਜੋ, ਲਈ ਸੀ ਅਜ਼ਾਦੀ ਮਸਾਂ, ਕਿਵੇ ਮਨਾਈਏ ਉਹਦੇ ਚਾਅ।
ਝੰਡੇ ਝੁਲਾ ਕੇ ਅੱਜ, ਖੁਸ਼ੀਆਂ ਮਨਾਂਉਣ ਵਾਲੇ, ਦੱਸੋ ਕਿਹੜੀ ਮਿਲੀ ਹੈ ਅਜ਼ਾਦੀ,
ਆਖਦੇ ਜੋ ਕੀਤੈ, ਵਿਕਾਸ ਅਸੀਂ ਬਹੁਤ ਜਿਆਦਾ,ਲੋਕਾਂ ਕਹਿਣ ਹੋਈ ਹੈ ਬਰਬਾਦੀ,
ਨਫਰਤਾਂ ਦੀ ਅੱਗ ਜਿਥੇ, ਲੱਟ ਲੱਟ ਮਚਦੀ ਹੈ, ਇੱਜਤਾਂ ਦੀ ਹੁੰਦੀ ਹੈ ਸਵਾਹ।
ਦੇ ਕੇ ਕੁਰਬਾਨੀਆਂ ਜੋ, ਲਈ ਸੀ ਅਜਾਦੀ ਮਸਾਂ, ਕਿਵੇ ਮਨਾਈਏ ਉਹਦੇ ਚਾਅ।
ਸੱਤ ਅਤੇ ਚਾਲੀ ਦੇ, ਦਹਾਕੇ ਵਾਲੇ ਜਖਮਾਂ ਤੇ, ਲੱਗਾ ਸੀ ਅੰਗੂਰ ਮਸਾਂ ਆਉਣ,
ਚੁਰਾਸੀ ਵਿੱਚ ਪੱਗ ਲਾਹਕੇ, ਪੈਰਾਂ ਵਿੱਚ ਰੋਲ ਦਿੱਤੀ, ਡਾਂਗਾਂ ਨਾਲ ਨਿਵਾਤੀ ਸਾਡੀ ਧੌਣ,
ਸੁਣੀ ਨਹੀਂ ਸਾਡੀ ਕਿਸੇ, ਹਾਲ ਦੁਹਾਈ ਇੱਥੇ, ਨਾਲ ਮੁਜਰਮਾਂ ਰਲ ਗਏ ਗਵਾਹ।
ਦੇ ਕੇ ਕੁਰਬਾਨੀਆਂ———————————-।
ਧਰਮਾਂ ਦੀ ਆੜ ਵਿੱਚ, ਮਾਰ ਪ੍ਰਵਾਰ ਸਾਡੇ, ਅੱਗਾਂ ਸੀ ਘਰਾਂ ਦੇ ਵਿੱਚ ਲਾਤੀਆਂ,
ਕੀਤੀਆਂ ਨਹੀ ਸੀ ਕਦੇ, ਸਾਡੇ ਨਾਲ ਧਾੜਵੀਆਂ, ਉਹ ਵੀ ਹੱਦਾਂ ਇਨਾਂ ਨੇ ਟਪਾਤੀਆਂ,
ਭੈਣਾਂ ਦੀ ਇੱਜਤ ਇਨਾਂ, ਵੀਰਾਂ ਸਾਹਵੇ ਲੁਟ ਲਈ, ਬਾਪੂ ਸਾੜੇ ਗਲੀਂ ਟੈਰ ਪਾਅ।
ਦੇ ਕੇ ਕੁਰਬਾਨੀਆਂ———————————-।
ਕੀਤੀ ਹੋਈ ਕਮਾਈ ਸਾਡੀ, ਕੌਡੀਆਂ ਦੇ ਭਾਅ ਰੋਲੀ, ਵੇਹਲੜਾਂ ਦੇ ਹੱਥ ਆਈ ਡੋਰ,
ਕਿਰਤੀਆਂ ਕਾਮਿਆਂ ਨੂੰ, ਰੱਖਣ ਦਬਾ ਕੇ ਇਹ, ਸਮਝਣ ਉਹਨਾਂ ਦੇ ਤਾਂਈ ਢੋਰ,
ਫਸਲਾਂ ਦੇ ਨਾਮ ਦਾ, ਪਤਾ ਨਹੀਂ ਜ੍ਹਿਨਾਂ ਤਾਂਈ ਹੁੰਦਾ,ਉਹ ਹੀ ਇਹਦਾ ਬੰਂਨਦੇ ਨੇ ਭਾਅ।
ਦੇ ਕੇ ਕੁਰਬਾਨੀਆਂ————————————-।
ਭੱਖੜੇ ਦਾ ਚੋਗਾ ਸਾਡੇ, ਆਲਣੇ ਚ ਪਾ ਕੇ ਸਿੱਧੂ, ਬੋਟਾਂ ਦੇ ਜੋ ਰਾਖੇ ਅਖਵਾਉਣ,
ਜੱਸ਼ਨੇ ਅਜ਼ਾਦੀ ਵਿੱਚ, ਕੰਜਕਾਂ ਕੁਆਰੀਆਂ ਨੂੰ, ਉਪਰ ਸਟੇਜਾਂ ਦੇ ਨਚਾਉਣ,
ਲੱਛੇ ਦਾਰ ਭਾਸ਼ਨਾਂ ਚ, ਖੰਭਾਂ ਦੀ ਬਣਾਕੇ ਡਾਰ, ਲੈਦੇ ਵਾਹ ਵਾਹ ਆਪਣੀ ਕਰਾ।
ਦੇ ਕੇ ਕੁਰਬਾਨੀਆਂ———————————-।
ਅਮਰਜੀਤ ਸਿੰਘ ਸਿੱਧੂ ਹਮਬਰਗ